ਆਮ ਆਦਮੀ ਪਾਰਟੀ ਕੋਲ ਨਿਗਮ ਚੋਣਾਂ ਲਈ ਕਈ ਵਾਰਡਾਂ ’ਚ ਨਹੀਂ ਹਨ ਉਮੀਦਵਾਰ

01/14/2023 4:39:57 PM

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੇ ਮੌਜੂਦਾ ਕੌਂਸਲਰ ਹਾਊਸ ਦਾ ਕਾਰਜਕਾਲ ਖ਼ਤਮ ਹੋਣ ਵਿਚ 10 ਦਿਨ ਬਚੇ ਹਨ ਪਰ ਅਗਲਾ ਕੌਂਸਲਰ ਹਾਊਸ ਕਦੋਂ ਗਠਿਤ ਹੋਵੇਗਾ, ਇਸ ਬਾਰੇ ਕੋਈ ਵੀ ਨਿਸ਼ਚਿਤ ਰੂਪ ਵਿਚ ਕੁਝ ਨਹੀਂ ਕਹਿ ਸਕਦਾ ਕਿਉਂਕਿ ਅਜੇ ਤੱਕ ਆਗਾਮੀ ਨਿਗਮ ਚੋਣਾਂ ਦੇ ਗਠਨ ਲਈ ਪ੍ਰਕਿਰਿਆ ਸ਼ੁਰੂ ਨਹੀਂ ਹੋਈ। ਇਹ ਨਿਸ਼ਚਿਤ ਹੈ ਕਿ ਨਗਰ ਨਿਗਮਾਂ ਦੀਆਂ ਚੋਣਾਂ ਨਿਰਧਾਰਿਤ ਤਾਰੀਖ਼ ਤੋਂ ਕੁਝ ਦੇਰੀ ਨਾਲ ਹੋਣਗੀਆਂ ਪਰ ਇਨ੍ਹਾਂ ਚੋਣਾਂ ਵਿਚ ਕਿੰਨੇ ਮਹੀਨੇ ਦੀ ਦੇਰੀ ਹੋਵੇਗੀ, ਇਸ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ ਕਿਉਂਕਿ ਅਜੇ ਤੱਕ ਕਈ ਨਗਰ ਨਿਗਮਾਂ ਵਿਚ ਵਾਰਡਬੰਦੀ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ ਅਤੇ ਅਜੇ ਵੀ ਬਹੁਤ ਮੱਠੀ ਰਫ਼ਤਾਰ ਨਾਲ ਚੱਲ ਰਹੀ ਹੈ।

ਜਲੰਧਰ ਦੀ ਗੱਲ ਕਰੀਏ ਤਾਂ ਇਥੇ ਅਜੇ ਤੱਕ ਸ਼ਹਿਰ ਦੀ ਜਨਸੰਖਿਆ ਦਾ ਹੀ ਸਹੀ ਪਤਾ ਨਹੀਂ ਲੱਗ ਸਕਿਆ ਅਤੇ ਲੋਕਲ ਬਾਡੀਜ਼ ਦੇ ਡਾਇਰੈਕਟੋਰੇਟਸ ਤੋਂ ਜਿਹੜੀ ਟੀਮ ਇਸ ਕੰਮ ਲਈ ਆਈ ਹੋਈ ਹੈ, ਅਜੇ ਵਾਰਡਾਂ ਦਾ ਜਨਸੰਖਿਆ ਸਰਵੇ ਪੂਰਾ ਕਰਨ ਵਿਚ ਲਗਭਗ ਇਕ ਹਫਤਾ ਲਾਵੇਗੀ। ਉਸ ਤੋਂ ਬਾਅਦ ਹੀ ਪੂਰੇ ਸ਼ਹਿਰ ਦੀ ਵਾਰਡਬੰਦੀ ਦਾ ਫਾਰਮੂਲਾ ਤੈਅ ਕੀਤਾ ਜਾਵੇਗਾ। ਨਵੇਂ ਸਿਰੇ ਤੋਂ ਵਾਰਡਾਂ ਦੇ ਨੰਬਰ ਲੱਗਣਗੇ ਅਤੇ ਕੁਝ ਵਾਰਡਾਂ ਦੀਆਂ ਹੱਦਾਂ ਵਿਚ ਵੀ ਤਬਦੀਲੀ ਹੋਣ ਦੇ ਆਸਾਰ ਹਨ। ਅਜੇ 12 ਪਿੰਡਾਂ ਨੂੰ ਵੀ ਨਿਗਮ ਦੇ ਵਾਰਡਾਂ ਦਾ ਹਿੱਸਾ ਬਣਾਉਣਾ ਹੈ, ਜੋ ਲਗਭਗ 3 ਸਾਲ ਪਹਿਲਾਂ ਨਿਗਮ ਦੀ ਹੱਦ ਵਿਚ ਸ਼ਾਮਲ ਹੋਏ ਸਨ।

ਕੁਝ ਉਮੀਦਵਾਰਾਂ ਨੂੰ ਚੋਣਾਂ ਲੜਨ ਲਈ ਮਨਾ ਰਹੀ ਹੈ ‘ਆਪ’
ਪਿਛਲੇ ਸਾਲ ਮਾਰਚ ਮਹੀਨੇ ਜਦੋਂ ਆਮ ਆਦਮੀ ਪਾਰਟੀ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਪਛਾੜਦੇ ਹੋਏ ਵਿਧਾਨ ਸਭਾ ਦੀਆਂ 92 ਸੀਟਾਂ ’ਤੇ ਕਬਜ਼ਾ ਕਰ ਕੇ ਪੰਜਾਬ ਦੀ ਸੱਤਾ ਹਥਿਆ ਲਈ ਸੀ ਅਤੇ ਪਾਰਟੀ ਵਰਕਰਾਂ ਦੇ ਹੌਸਲੇ ਕਾਫ਼ੀ ਬੁਲੰਦ ਸਨ। ਉਸ ਤੋਂ ਤੁਰੰਤ ਬਾਅਦ ਪਾਰਟੀ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਤੁਰੰਤ ਬਾਅਦ ਗੁਜਰਾਤ ਅਤੇ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ, ਜਿੱਥੇ ਆਮ ਆਦਮੀ ਪਾਰਟੀ ਨੇ ਸੱਤਾ ਦੀ ਪ੍ਰਾਪਤੀ ਲਈ ਪੂਰਾ ਜ਼ੋਰ ਲਾਇਆ। ਇਕ ਵਾਰ ਤਾਂ ਹਿਮਾਚਲ ਵਿਚ ਵੀ ‘ਆਪ’ ਦਾ ਕਾਫ਼ੀ ਬੋਲਬਾਲਾ ਦਿਸਿਆ ਪਰ ਉਥੇ ਪਾਰਟੀ ਇਕ ਵੀ ਸੀਟ ਜਿੱਤ ਨਹੀਂ ਸਕੀ।

ਇਹ ਵੀ ਪੜ੍ਹੋ : MP ਸੰਤੋਖ ਚੌਧਰੀ ਦੇ ਦਿਹਾਂਤ ਤੋਂ ਪਹਿਲਾਂ ਦੀ ਸੁਣੋ ਆਖ਼ਰੀ ਵੀਡੀਓ, 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ

ਇਹੀ ਹਾਲਤ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿਚ ਹੋਈ, ਜਿੱਥੇ ਪਾਰਟੀ ਸੱਤਾ ਵਿਚ ਆਉਣ ਦੇ ਸੁਫ਼ਨੇ ਵੇਖਦੀ ਰਹੀ ਪਰ 5 ਸੀਟਾਂ ਤੋਂ ਅੱਗੇ ਹੀ ਨਹੀਂ ਵਧ ਸਕੀ। ਉਸ ਤੋਂ ਇਲਾਵਾ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਵਿਗੜਿਆ, ਉਹ ਅਜੇ ਤੱਕ ਸਰਕਾਰ ਦੇ ਕੰਟਰੋਲ ਵਿਚ ਨਹੀਂ ਆ ਪਾ ਰਿਹਾ। ਉਦਯੋਗ ਅਤੇ ਵਪਾਰ ਜਗਤ ਵੀ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਤੋਂ ਦੁਖੀ ਹੈ। ਪ੍ਰਾਪਰਟੀ ਸੈਕਟਰ ਨੂੰ ਵੀ ਇਹ ਸਰਕਾਰ ਕੋਈ ਰਾਹਤ ਨਹੀਂ ਦੇ ਸਕੀ, ਉਲਟਾ ਐੱਨ. ਓ. ਸੀ. ਦੀ ਸ਼ਰਤ ਨੇ ਇਸ ਕਾਰੋਬਾਰ ਨੂੰ ਹੋਰ ਡਾਊਨ ਕਰ ਦਿੱਤਾ ਹੈ।
ਅਜਿਹੇ ਵਿਚ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੇਡਰ ਵਿਚ ਕੋਈ ਖਾਸ ਉਤਸ਼ਾਹ ਨਹੀਂ ਦਿਸ ਪਾ ਰਿਹਾ। ਵਧੇਰਿਆਂ ਵਿਚ ਨਾਮੋਸ਼ੀ ਹੀ ਛਾਈ ਹੋਈ ਹੈ। ਕੁਝ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਪਿਛਲੇ ਸਾਲ ਮਾਰਚ-ਅਪ੍ਰੈਲ ਵਿਚ ਨਿਗਮ ਚੋਣਾਂ ਲਈ ਉਮੀਦਵਾਰ ਬਣਨ ਸਬੰਧੀ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਪਾਰਟੀ ਦੀ ਲਗਾਤਾਰ ਡਾਊਨ ਹੁੰਦੀ ਇਮੇਜ ਨੂੰ ਦੇਖ ਕੇ ਕਈ ਉਮੀਦਵਾਰਾਂ ਨੇ ਆਪਣੇ ਪੈਰ ਪਿੱਛੇ ਵੀ ਖਿੱਚ ਲਏ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੀ ਸੱਤਾ ’ਤੇ ਕਬਜ਼ਾ ਜਮਾ ਚੁੱਕੀ ਆਮ ਆਦਮੀ ਪਾਰਟੀ ਨੂੰ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਵਿਚ ਕਈ ਵਾਰਡਾਂ ਤੋਂ ਉਮੀਦਵਾਰ ਹੀ ਨਹੀਂ ਮਿਲ ਪਾ ਰਹੇ। ਫਿਰ ਵੀ ਕਈ ਵਾਰਡ ਅਜਿਹੇ ਹਨ, ਜਿਥੇ 2-2, 3-3 ਉਮੀਦਵਾਰ ‘ਆਪ’ ਦੀ ਟਿਕਟ ’ਤੇ ਚੋਣ ਲੜਨ ਦੇ ਇੱਛੁਕ ਹਨ।

ਵੱਖ-ਵੱਖ ਉਮੀਦਵਾਰਾਂ ਦੀ ਪਿੱਠ ਥਾਪੜ ਰਹੇ ਹਨ ਸਰਕਾਰ ਅਤੇ ਸੰਗਠਨ ਦੇ ਪ੍ਰਤੀਨਿਧੀ
ਇਸ ਸਮੇਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 2 ਹਿੱਸਿਆਂ ਵਿਚ ਵੰਡੀ ਦਿਖਾਈ ਦੇ ਰਹੀ ਹੈ। ਇਕ ਹਿੱਸਾ ਤਾਂ ਜਨ-ਪ੍ਰਤੀਨਿਧੀਆਂ ਅਤੇ ਵਿਧਾਇਕਾਂ ਆਦਿ ਦਾ ਹੈ, ਜਦਕਿ ਦੂਜੇ ਵਿਚ ਸੰਗਠਨ ਨਾਲ ਜੁੜੇ ਪ੍ਰਤੀਨਿਧੀ ਆਉਂਦੇ ਹਨ। ਨਿਗਮ ਚੋਣਾਂ ਨੂੰ ਲੈ ਕੇ ਖ਼ਾਸ ਗੱਲ ਇਹ ਦਿਸ ਰਹੀ ਹੈ ਕਿ ਸਰਕਾਰ ਅਤੇ ਸੰਗਠਨ ਵਿਚ ਤਾਲਮੇਲ ਦੀ ਘਾਟ ਹੈ। ਕਈ ਵਾਰਡ ਅਜਿਹੇ ਹਨ, ਜਿਥੇ ਸਰਕਾਰ ਅਤੇ ਸੰਗਠਨ ਦੇ ਪ੍ਰਤੀਨਿਧੀ ਵੱਖ-ਵੱਖ ਉਮੀਦਵਾਰਾਂ ਦੀ ਪਿੱਠ ਥਾਪੜ ਰਹੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਵਾਂ ਧਿਰਾਂ ਵਿਚ ਟਕਰਾਅ ਦੀ ਨੌਬਤ ਵੀ ਆ ਸਕਦੀ ਹੈ। ਫਿਲਹਾਲ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਅਜੇ ਸ਼ਹਿਰ ਦੇ 80 ਵਾਰਡਾਂ ਵਿਚ ਵਾਰਡ ਜਾਂ ਬੂਥ ਪੱਧਰ ਦੀਆਂ ਕਮੇਟੀਆਂ ਦਾ ਗਠਨ ਹੀ ਨਹੀਂ ਕੀਤਾ। ਇਨ੍ਹਾਂ ਚੋਣਾਂ ਲਈ ਪਾਰਟੀ ਦੀ ਇਕਲੌਤੀ ਮੀਟਿੰਗ ਦਸੰਬਰ ਦੇ ਆਖਿਰ ਵਿਚ ਚੰਡੀਗੜ੍ਹ ਵਿਖੇ ਹੋਈ ਸੀ, ਜਿਥੇ ਵਾਰਡਬੰਦੀ ਦਾ ਸ਼੍ਰੀਗਣੇਸ਼ ਕੀਤਾ ਜਾਣਾ ਸੀ। ਉਸ ਤੋਂ ਬਾਅਦ ਅਜੇ ਤੱਕ ‘ਆਪ’ ਆਗੂ ਇਨ੍ਹਾਂ ਚੋਣਾਂ ਨੂੰ ਲੈ ਕੇ ਇਕ ਮੰਚ ’ਤੇ ਕਦੀ ਇਕੱਠੇ ਹੀ ਨਹੀਂ ਹੋਏ।

ਇਹ ਵੀ ਪੜ੍ਹੋ : ਨਹੀਂ ਰਹੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਜਾਣੋ ਕਿਹੋ-ਜਿਹਾ ਸੀ ਸਿਆਸੀ ਪਿਛੋਕੜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri