ਮਾਈਨਿੰਗ ਸਕੈਮ ''ਚ ਖਹਿਰਾ ਨੇ ਮੰਗੀ ਸਮਾਂਬੱਧ ਜਾਂਚ, ਨਹੀਂ ਤਾਂ ਕੈਪਟਨ ਦੀ ਰਿਹਾਇਸ਼ ਸਾਹਮਣੇ ਦੇਣਗੇ ਧਰਨਾ (ਵੀਡੀਓ)

05/28/2017 9:29:48 AM

ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਤੇ ਤੇਜ਼ ਤਰਾਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮਾਈਨਿੰਗ ਆਕਸ਼ਨ ਵਿਚ ਰਾਣਾ ਗੁਰਜੀਤ ਸਿਘ ਦੀ ਕੰਪਨੀ ਦੇ ਮੁਲਾਜ਼ਮਾਂ ਵਲੋਂ ਸਫ਼ਲ ਹੋਣ ਦੇ ''ਸਕੈਮ'' ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਰਾਣਾ ਗੁਰਜੀਤ ਸਿੰਘ ''ਤੇ ਕਾਰਵਾਈ ਦੀ ਮੰਗ ਨਾਲ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਣਨੀਤੀ ਦੇ ਤਹਿਤ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਰਾਣਾ ਨੂੰ ਬਚਾਉਣ ਦਾ ਯਤਨ ਹੋਇਆ ਤਾਂ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ, ਬਲਕਿ 30 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ''ਤੇ ਧਰਨਾ ਦੇਵੇਗੀ। ਖਹਿਰਾ ਨੇ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਦਾ ਇਸ ਤੋਂ ਸਿੱਧਾ ਤੇ ਸਪੱਸ਼ਟ ਮਾਮਲਾ ਕੋਈ ਨਹੀਂ ਹੋ ਸਕਦਾ, ਜਿਸ ਨੂੰ ਪੰਜਾਬ ਪੁਲਸ ਦਾ ਇਕ ਹੌਲਦਾਰ ਵੀ ਚੁਟਕੀਆਂ ਵਿਚ ਸਮਝ ਕੇ ਸੁਲਝਾ ਸਕਦਾ ਹੈ, ਪਰ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਅੱਖਾਂ ਬੰਦ ਕਰੀ ਬੈਠੇ ਹਨ। ਸ਼ਨੀਵਾਰ ਨੂੰ ਆਪਣੀ ਸ਼ਿਕਾਇਤ ਤੇ ਕੁੱਝ ਦਸਤਾਵੇਜ਼ਾਂ ਦੇ ਆਧਾਰ ''ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਜਿਸ ਵਿਅਕਤੀ ਅਮਿਤ ਬਹਾਦਰ ਨੇ 26 ਕਰੋੜ ਦੀ ਬੋਲੀ ਦੇ ਕੇ ਰਾਜ ਦੀ ਸਭ ਤੋਂ ਮਹਿੰਗੀ ਮਾਈਨ ਰੇਤ ਮਾਈਨਿੰਗ ਲਈ ਹਾਸਲ ਕੀਤੀ, ਉਸ ਵਲੋਂ ਸਾਲ 2015-16 ਲਈ ਇਕ ਲੱਖ ਤੋਂ ਵੀ ਘੱਟ ਸਾਲਾਨਾ ਆਮਦਨ ਦੀ ਰਿਟਰਨ ਦਾਖਲ ਕੀਤੀ ਗਈ ਸੀ। ਖਾਤਿਆਂ ਦੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਉਸ ਨੂੰ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਹਾਸਲ ਹੁੰਦੀ ਸੀ ਤੇ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਪਿਛਲੇ ਕੁਝ ਮਹੀਨਿਆਂ ਤੱਕ ਇੰਨੀ ਘੱਟ ਤਨਖਾਹ ਹਾਸਲ ਕਰਨ ਵਾਲਾ ਵਿਅਕਤੀ ਆਪਣੀ ਬੋਲੀ ਵਿਚ ਸਫ਼ਲ ਹੋਣ ਤੋਂ ਬਾਅਦ 13 ਕਰੋੜ ਰੁਪਏ ਰਾਜ ਸਰਕਾਰ ਕੋਲ ਜਮ੍ਹਾ ਕਰਵਾਉਂਦਾ ਹੈ। 
ਖਹਿਰਾ ਨੇ ਕਿਹਾ ਕਿ ਇਹ ਖੁੱਲ੍ਹੇ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਹੈ ਤੇ ਰਾਜ ਦੇ ਵੋਟਰਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕਰ ਕੇ ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਅਜਿਹੇ ਹੀ ਮਾਮਲਿਆਂ ਲਈ ਕੋਸਦੇ ਹੋਏ ਸੱਤਾ ਤੱਕ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਈ ਹੋਰ ਕਾਂਗਰਸੀ ਨੇਤਾਵਾਂ ਲਈ ਇਹ ਇਮਤਿਹਾਨ ਵਰਗਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉਨ੍ਹਾਂ ਨੇ ਪੰਜਾਬ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਬੀ. ਕੇ. ਉਪਲ ਨੂੰ ਵੀ ਸ਼ਿਕਾਇਤ ਕੀਤੀ ਤੇ ਮਨੀ ਲਾਂਡਰਿੰਗ ਤੇ ਬੇਨਾਮੀ ਟ੍ਰਾਂਜੈਕਸ਼ਨ ਦੇ ਸਬੂਤ ਵੀ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਦੇ ਵੀ ਸਬੂਤ ਹਨ ਕਿ ਮਾਈਨਿੰਗ ਬੋਲੀ ਵਿਚ ਲੱਗਿਆ ਸਾਰਾ ਪੈਸਾ ਰਾਣਾ ਗੁਰਜੀਤ ਸਿੰਘ ਦਾ ਹੀ ਹੈ ਤੇ ਉਹ ਆਉਣ ਵਾਲੇ ਦਿਨਾਂ ਵਿਚ ਮੀਡੀਆ ਵਿਚ ਇਸ ਦੇ ਸਬੂਤ ਵੀ ਪੇਸ਼ ਕਰਨਗੇ, ਪਰ ਉਹ ਚਾਹੁੰਦੇ ਹਨ ਕਿ ਰਾਣਾ ਗੁਰਜੀਤ ਇਸ ਮਾਮਲੇ ਵਿਚ ਜੋ ਵੀ ਕਹਿਣਾ ਚਾਹੁੰਦੇ ਹਨ, ਕਹਿ ਲੈਣ ਤਾਂ ਕਿ ਬਾਅਦ ਵਿਚ ਉਹ ਇਹ ਨਾ ਕਹਿਣ ਕਿ ਉਨ੍ਹਾਂ ਨੂੰ ਪ੍ਰਤੀਕਿਰਿਆ ਦਾ ਮੌਕਾ ਨਹੀਂ ਮਿਲਿਆ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਇਹੀ ਮੰਗ ਕਰ ਰਹੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ ਤੇ ਸਮਾਂਬੱਧ ਜਾਂਚ ਦੌਰਾਨ ਰਾਣਾ ਗੁਰਜੀਤ ਸਿੰਘ ਮੰਤਰੀ ਅਹੁਦੇ ''ਤੇ ਨਾ ਰਹਿਣ।