ਜਾਣੋ ਪੰਜਾਬ ''ਚ ਕਿਉਂ ਕਮਜ਼ੋਰ ਹੋਈ ਆਮ ਆਦਮੀ ਪਾਰਟੀ

05/26/2019 6:44:19 PM

ਜਲੰਧਰ : 2014 ਦੀਆਂ ਲੋਕ ਸਭਾ ਚੋਣਾ 'ਚ ਪੰਜਾਬ 'ਚ ਚਾਰ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ 2019 ਵਿਚ ਸਿਰਫ ਇਕ ਸੀਟ 'ਤੇ ਸਿਮਟ ਕੇ ਰਹਿ ਗਈ ਹੈ। ਆਮ ਆਦਮੀ ਪਾਰਟੀ ਦੇ ਸ਼ੁਰੂਆਤ ਸਮੇਂ ਵਿਚ ਇੰਝ ਲੱਗਦਾ ਸੀ ਕਿ ਜਿਵੇਂ ਦੇਸ਼ 'ਚ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵਾਪਸ ਆ ਗਏ ਸਨ। ਰਿਵਾਇਤੀ ਪਾਰਟੀਆਂ ਦੇ ਮੱਥੇ 'ਤੇ ਵੀ ਵੱਟ ਆਮ ਵੇਖੇ ਜਾਣ ਲਗ ਪਏ ਸਨ। ਵਿਰੋਧੀ ਸਿਆਣੇ ਤੇ ਸ਼ਾਂਤ ਬਣ ਕੇ ਬੈਠੇ ਰਹੇ ਤੇ ਪਾਰਟੀ ਦੇ ਫੈਸਲਿਆਂ ਨੇ ਆਪ ਹੀ ਪਾਰਟੀ ਦਾ ਸੂਪੜਾ ਸਾਫ ਕਰ ਦਿੱਤਾ। ਹੁਣ ਆਲਮ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਪੂਰੇ ਦੇਸ਼ 'ਚ ਸਿਰਫ ਇਕ ਹੀ ਸਾਂਸਦ ਹੈ। ਉਹ ਵੀ ਸੰਗਰੂਰ ਤੋਂ ਭਗਵੰਤ ਸਿੰਘ ਮਾਨ। 


ਗੱਲ ਸ਼ੁਰੂਆਤ ਤੋਂ ਕਰੀਏ ਤਾਂ 2014 ਦੀਆਂ ਲੋਕ ਸਭਾ ਚੋਣਾ 'ਚ ਪੰਜਾਬ ਤੋਂ ਚਾਰ ਸੀਟਾਂ ਜਿੱਤ ਕੇ ਪਾਰਟੀ ਨੂੰ 24.5 % ਵੋਟ ਮਿਲੇ ਸਨ ਜਦਕਿ ਇਸ ਵਾਰ ਦੀਆਂ ਲੋਕ ਸਭਾ ਚੋਣਾ 'ਚ ਸਿਰਫ ਇਕ ਸੀਟ ਜਿੱਤ ਕੇ 7.8 % ਵੋਟ ਮਿਲੇ ਹਨ। ਜੇਕਰ 2017 ਦੀਆਂ ਵਿਧਾਨ ਸਭਾ ਚੋਣਾਂ 'ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਉਸ ਵੇਲੇ ਸੂਬੇ 'ਚ 20 ਸੀਟਾਂ ਹਾਸਲ ਕਰਕੇ 23.72 ਫੀਸਦ ਵੋਟ ਮਿਲੇ ਸਨ। ਇਸ ਤੋਂ ਪਹਿਲਾਂ ਸੂਬੇ 'ਚ ਹੋਈਆਂ ਨਿਗਮ ਅਤੇ ਪੰਚਾਇਤ ਚੋਣਾ 'ਚ ਪਾਰਟੀ ਦਾ ਬੁਰਾ ਹਾਲ ਹੋਇਆ। 


ਕਿੱਥੇ ਆਮ ਆਦਮੀ ਪਾਰਟੀ ਪੰਜਾਬ 'ਚ ਸਰਕਾਰ ਬਣਾਉਂਦੀ ਨਜ਼ਰ ਆਉਂਦੀ ਸੀ ਤੇ ਕਿੱਥੇ ਹੁਣ ਵਿਰੋਧੀ ਧਿਰ ਦਾ ਦਰਜਾ ਵੀ ਜਾਂਦਾ ਲੱਗ ਰਿਹਾ ਹੈ। ਪਾਰਟੀ ਦੇ ਪਤਨ ਦਾ ਮੁੱਖ ਕਾਰਣ ਦਿੱਲੀ ਨੇਤਾਵਾਂ ਦਾ ਤਾਣਾਸ਼ਾਹ ਰਵੱਈਆ ਰਿਹਾ। ਇਲਜ਼ਾਮ ਲੱਗੇ ਕਿ ਦਿੱਲੀ ਦੇ ਲੀਡਰਾਂ ਨੇ ਪੰਜਾਬ ਆ ਕੇ ਪੈਸਾ ਕਮਾਉਣ ਦੇ ਨਾਲ-ਨਾਲ ਖੂਬ ਐਸ਼ ਪਰਸਤੀ ਵੀ ਕੀਤੀ। ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਘੁੱਗੀ ਅਤੇ ਸੁਖਪਾਲ ਖਹਿਰਾ ਖਿਲਾਫ ਲਏ ਇਕਤਰਫਾ ਫੈਸਲਿਆਂ ਨੇ ਆਪਣੇ ਪੈਰਾਂ 'ਤੇ ਕੁਹਾੜੀ ਮਾਰਣ ਦਾ ਕੰਮ ਕੀਤਾ। ਪਾਰਟੀ ਅੰਦਰ ਚੱਲਦੀ ਸਿਆਸਤ ਨੂੰ ਵੇਖ ਐੱਚ.ਐੱਸ. ਫੂਲਕਾ ਵਰਗੇ ਵੱਡੇ ਨਾਂਅ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਪੱਤਰਕਾਰਤਾ ਜਗਤ ਦੇ ਸਿਤਾਰੇ ਕੰਵਰ ਸੰਧੂ ਦੇ ਪਿੱਛੇ ਹੱਟਣ ਨਾਲ ਆਸ ਦੀ ਆਖਰੀ ਕਿਰਣ ਵੀ ਚਲੀ ਗਈ। 'ਆਪ' ਦੇ ਬਾਗੀਆਂ ਵਲੋਂ ਭਗਵੰਤ ਮਾਨ ਨੂੰ ਕੇਜਰੀਵਾਲ ਦਾ ਯੈੱਸ ਮੈਨ ਕਿਹਾ ਜਾਂਦਾ ਹੈ। ਫਿਲਹਾਲ ਉਹ ਪੰਜਾਬ ਦੇ ਪ੍ਰਧਾਨ ਹਨ। ਉਨ੍ਹਾਂ ਅੱਗੇ ਚੁਣੌਤੀਆਂ ਦਾ ਭੰਡਾਰ ਹੈ। 'ਆਪ' ਦੇ ਵਾਲੰਟੀਅਰਾਂ ਦਾ ਮੰਨਣਾ ਹੈ ਕਿ ਜੇਕਰ ਅਜੇ ਵੀ ਦਿੱਲੀ ਹਾਈਕਮਾਨ ਪੰਜਾਬ ਨੂੰ ਖੁਦ ਮੁਖਤਿਆਰੀ ਦੇ ਦੇਵੇ ਤਾਂ ਪਾਰਟੀ ਦਾ ਵੱਡਾ ਵੋਟ ਬੈਂਕ ਵਾਪਸ ਆ ਸਕਦਾ ਹੈ।

Gurminder Singh

This news is Content Editor Gurminder Singh