ਆਮ ਆਦਮੀ ਪਾਰਟੀ ਫਾਜ਼ਿਲਕਾ ਦੇ 32 ਅਹੁਦੇਦਾਰਾਂ ਵਲੋਂ ਅਸਤੀਫਾ

07/23/2016 7:08:38 PM

ਬਠਿੰਡਾ\ਫਾਜ਼ਿਲਕਾ (ਬਲਵਿੰਦਰ)— ਆਮ ਆਦਮੀ ਪਾਰਟੀ ''ਚ ਦਿੱਲੀ ਤੇ ਪੰਜਾਬ ਦੇ ਆਗੂਆਂ ਦਾ ਕਲੇਸ਼ ਤੂਲ ਫੜ੍ਹਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਆਗੂ ਪਾਰਟੀ ਛੱਡਣ ਲੱਗੇ ਹਨ। ਇਸਦੀ ਸ਼ੁਰੂਆਤ ਜ਼ਿਲਾ ਫਾਜਿਲਕਾ ਤੋਂ ਹੋ ਚੁੱਕੀ ਹੈ, ਜਿਥੋਂ ਦੇ 32 ਅਹੁਦੇਦਾਰਾਂ ਨੇ ਸਮੂਹਿਕ ਅਸਤੀਫਾ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਇਕ ਮੀਟਿੰਗ ਫਾਜ਼ਿਲਕਾ ਵਿਖੇ ਹੋਈ, ਜਿਸਦੀ ਪ੍ਰਧਾਨਗੀ ਵਕੀਲ ਗੁਰਪ੍ਰੀਤ ਸਿੰਘ ਸੰਧੂ ਕੁਆਰਡੀਨੇਟਰ ਫਿਰੋਜ਼ਪੁਰ ਜ਼ੋਨ ਕਰ ਰਹੇ ਸਨ। ਮੀਟਿੰਗ ਵਿਚ ਕੁੱਲ 32 ਅਹੁਦੇਦਾਰ ਸ਼ਾਮਲ ਹੋਏ। ਅਹੁਦੇਦਾਰਾਂ ਨੇ ਇਕਜੁੱਟ ਹੋ ਕੇ ਪਾਰਟੀ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ।
ਗੁਰਪ੍ਰੀਤ ਸੰਧੂ ਨੇ ਕਿਹਾ ਕਿ ਉਹ ਸਾਰੇ ਟ੍ਰਿਪਲ ਸੀ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ। ਪਾਰਟੀ ਦੇ ਸਿਧਾਂਤ ਸਨ ਕਿ ਪਾਰਟੀ ''ਚ ਕੁਰੱਪਸ਼ਨ ਨਹੀਂ ਹੋਵੇਗੀ, ਕ੍ਰਿਮਨਲ ਤੇ ਕਰੈਕਟਰਲੈੱਸ ਵਿਅਕਤੀ ਪਾਰਟੀ ਵਿਚ ਸ਼ਾਮਲ ਨਹੀਂ ਕੀਤੇ ਜਾਣਗੇ ਪਰ ਆਪ ਦੇ ਦਿੱਲੀ ਆਗੂ ਇਕ ਸਿਧਾਂਤ ''ਤੇ ਖਰੇ ਨਹੀਂ ਉੱਤਰੇ। ਉਨ੍ਹਾਂ ਖੁਦ ਪੰਜਾਬ ਵਿਚ ਅਹੁਦੇ ਵੰਡਣ ਦੇ ਨਾਂ ''ਤੇ ਖੁੱਲ੍ਹ ਕੇ ਕੁਰੱਪਸ਼ਨ ਕੀਤੀ, ਜੋ ਅਜੇ ਵੀ ਜਾਰੀ ਹੈ। ਪੈਸਿਆਂ ਦੇ ਲਾਲਚ ਵਿਚ ਅਨੇਕਾਂ ਕ੍ਰਿਮਨਲ ਤੇ ਕਰੈਕਟਰਲੈੱਸ ਵਿਅਕਤੀ ਪਾਰਟੀ ਵਿਚ ਸ਼ਾਮਲ ਕੀਤੇ ਗਏ। ਦਿੱਲੀ ਦੇ ਵੀ ਕਈ ਆਗੂਆਂ ''ਤੇ ਇਸ ਤਰ੍ਹਾਂ ਦੇ ਦੋਸ਼ ਲੱਗ ਚੁੱਕੇ ਹਨ।
ਇਹੀ ਕਾਰਨ ਹੈ ਕਿ ਉਨ੍ਹਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਉਕਤ ਸਾਰੇ 32 ਅਹੁਦੇਦਾਰਾਂ ਨੇ ਸਮੂਹਿਕ ਤੌਰ ''ਤੇ ਆਪਣਾ ਅਸਤੀਫਾ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਭੇਜ ਦਿੱਤਾ। ਸ. ਸੰਧੂ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ, ਹਰੇਕ ਜ਼ਿਲੇ ''ਚੋਂ ਦਰਜਨਾਂ ਅਹੁਦੇਦਾਰ ਨਿਘਾਰ ਵੱਲ ਜਾ ਰਹੀ ਆਮ ਆਦਮੀ ਪਾਰਟੀ ਨੂੰ ਛੱਡ ਰਹੇ ਹਨ। ਅੱਜ ਵੀ ਵੱਡੀ ਗਿਣਤੀ ਅਹੁਦੇਦਾਰ ਬਠਿੰਡਾ ਵਿਖੇ ਆਪਣੇ ਅਸਤੀਫੇ ਦੇਣਗੇ।

Gurminder Singh

This news is Content Editor Gurminder Singh