ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਕੱਢੀ ਭੜਾਸ (ਵੀਡੀਓ)

11/03/2018 8:44:03 PM

ਚੰਡੀਗੜ੍ਹ— ਆਮ ਆਦਮੀ ਪਾਰਟੀ ਵਲੋਂ ਅੱਜ ਭੁੱਲਥ ਤੋਂ ਵਿਧਾਇਕ ਸੁਖਪਾਲ ਖਹਿਰਾ ਅਤੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ 'ਚੋਂ ਮੁਅੱਤਲ ਹੋਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਵੀ ਦੁੱਖ ਨਹੀਂ ਹੈ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਈ ਹੋਣਹਾਰ ਆਗੂਆਂ ਨਾਲ ਅਜਿਹਾ ਹੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦੀ ਗੱਲ ਕਰੀਏ ਤਾਂ ਜਿਹੜਾ ਵੀ ਪ੍ਰਧਾਨ ਪਾਰਟੀ ਦੇ ਖਿਲਾਫ ਕੁੱਝ ਬੋਲਦਾ ਹੈ ਤਾਂ ਉਸ ਨੂੰ ਪਾਰਟੀ 'ਚੋਂ ਕੱਢ ਕੇ ਬਾਹਰ ਮਾਰਿਆ ਜਾਂਦਾ ਹੈ। ਉਨ੍ਹਾਂ ਦੱਸਿਆ ਜਦੋਂ ਕੇਜਰੀਵਾਲ ਨੇ ਆਪਣੀ ਪਾਰਟੀ ਦੀ ਸ਼ੁਰੂਆਤ ਕੀਤੀ ਤਾਂ ਪੰਜਾਬੀਆਂ ਅਤੇ ਐਨ. ਆਰ. ਆਈਜ਼ ਨੇ ਉਨ੍ਹਾਂ 'ਤੇ ਬਹੁਤ ਭਰੋਸਾ ਕੀਤਾ ਅਤੇ ਉਨ੍ਹਾਂ ਦਾ ਸਾਥ ਦਿੱਤਾ ਪਰ ਕੇਜਰੀਵਾਲ ਨੇ ਕਿਸੇ ਦੀ ਵੀ ਕਦਰ ਨਹੀਂ ਪਾਈ। ਖਹਿਰਾ ਨੇ ਕਿਹਾ ਕਿ ਪੰਜਾਬੀਆਂ ਤੇ ਸਿੱਖਾਂ ਨੇ ਆਪਣੀ ਕੌਮ ਦੇ ਆਗੂਆਂ ਨੂੰ ਛੱਡ ਕੇ ਅਰਵਿੰਦ ਕੇਜਰੀਵਾਲ 'ਤੇ  ਭਰੋਸਾ ਕੀਤਾ ਅਤੇ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀਆਂ ਨੇ ਸੈਂਕੜੇ ਕਰੋੜਾਂ ਰੁਪਏ ਦੀ ਫੰਡਿੰਗ ਵੀ ਕੀਤੀ ਸੀ। ਇਥੋਂ ਤਕ ਕੀ ਕਈ ਲੋਕਾਂ ਨੇ ਤਾਂ ਆਪਣੀਆਂ ਨੌਕਰੀਆਂ ਤਕ ਛੱਡ ਦਿੱਤੀਆਂ ਪਰ ਕੇਜਰੀਵਾਲ ਨੇ ਕਿਸੇ ਦਾ ਵੀ ਮਾਣ ਸਤਿਕਾਰ ਕਰਨ ਦੀ ਨਹੀਂ ਸੋਚੀ। 

ਰਾਮ ਲੀਲਾ ਮੈਦਾਨ 'ਚ ਜਦੋਂ ਕੇਜਰੀਵਾਲ ਨੇ ਦਿੱਲੀ ਦੇ ਬਤੌਰ ਮੁੱਖ ਮੰਤਰੀ ਦੀ ਸਹੁੰ ਚੁੱਕੀ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਆਪਣੇ ਵਲੰਟੀਅਰਾਂ ਤੇ ਵਰਕਰਾਂ ਨੂੰ ਇਹ ਗੱਲ ਕਹੀ ਸੀ ਕਿ ਕਦੇ ਵੀ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਕਰਨਾ ਅਤੇ ਅਸੀਂ ਆਪਣੇ ਦਿਮਾਗ ਤੇ ਹੰਕਾਰ ਨੂੰ ਕੰਟਰੋਲ 'ਚ ਰੱਖਣਾ ਹੈ, ਜਿਸ ਗੱਲ ਤੋਂ ਮੈਂ ਕੇਜਰੀਵਾਲ ਤੋਂ ਪ੍ਰਭਾਵਿਤ ਹੋਇਆ ਸੀ ਪਰ ਜਦੋਂ ਵੀ ਹੁਣ ਮੈਂ ਦੇਖਦਾ ਹਾਂ ਤਾਂ ਕੇਜਰੀਵਾਲ 'ਚੋਂ ਨਿਰਾ ਹੀ ਹੰਕਾਰ ਝਲਕਦਾ ਹੈ। ਇਥੋਂ ਤਕ ਕਿ ਕੇਜਰੀਵਾਲ ਆਪਣੇ ਸਵਰਾਜ ਵਾਲੇ ਬਿਆਨ 'ਤੇ ਖੜੇ ਨਹੀਂ ਉਤਰੇ, ਜਿਸ ਦਾ ਮਤਲਬ ਹੈ ਕਿ ਲੋਕ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਹਨ। ਕੇਜਰੀਵਾਲ ਨੇ ਨਾ ਤਾਂ ਆਪਣੇ ਇਸ ਬਿਆਨ ਸੱਚ ਸਾਬਤ ਕਰਕੇ ਦਿਖਾਇਆ ਅਤੇ ਨਾ ਹੀ ਹੰਕਾਰ ਵਾਲੀ ਗੱਲ ਨੂੰ ਸਾਬਤ ਕਰ ਕੇ ਦਿਖਾਇਆ। ਖਹਿਰਾ ਨੇ ਕਿਹਾ ਕਿ ਇਹ ਇਕੱਲਾ ਉਸ ਦੀ ਜਾਂ ਸੰਧੂ ਦੀ ਗੱਲ ਨਹੀਂ ਹੈ, ਜੇਕਰ ਦੇਖਿਆ ਜਾਵੇ ਤਾਂ ਕਈ ਲੋਕ ਜੋ ਆਪਣਾ ਕੰਮ ਕਾਰ ਛੱਡ ਕੇ ਪਾਰਟੀ 'ਚ ਆਏ, ਕੇਜਰੀਵਾਲ ਨੇ ਉਨ੍ਹਾਂ ਨੂੰ ਵੀ ਕੱਢ ਕੇ ਬਾਹਰ ਮਾਰਿਆ।