''ਆਪ'' ਦੀਆਂ ਪੰਜਾਬ ''ਚ ਜੜ੍ਹਾਂ ਲਾਉਣ ਵਾਲੇ ਹੁਣ ਕੇਜਰੀਵਾਲ ਖਿਲਾਫ਼ ਖੁੱਲ੍ਹ ਕੇ ਬੋਲਣ ਲੱਗੇ

04/30/2017 1:44:14 PM

ਚੰਡੀਗੜ੍ਹ, ਮਾਛੀਵਾੜਾ ਸਾਹਿਬ (ਟੱਕਰ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਜਿਸ ਨੇ ਕੁਝ ਸਮੇਂ ਵਿਚ ਦੇਸ਼ ਦੀਆਂ ਪ੍ਰਮੁੱਖ ਪਾਰਟੀ ਦੇ ਲੀਡਰਾਂ ਨੂੰ ਵਖਤ ਪਾ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਦਾ ਜਾਦੂ ਸਿਰਫ਼ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ ਵਿਚ ਬੈਠੇ ਭਾਰਤੀਆਂ ਦੇ ਦਿਮਾਗ ''ਤੇ ਅਸਰ ਕਰਨ ਲਗ ਪਿਆ ਸੀ, ਹੁਣ ਇਸ ਪਾਰਟੀ ਦਾ ਗ੍ਰਾਫ਼ ਐਨੇ ਘੱਟ ਸਮੇਂ ਵਿਚ ਹੀ ਥੱਲੇ ਆ ਜਾਵੇਗਾ, ਇਹ ਕਿਸੇ ਦੇ ਚਿੱਤ-ਚੇਤੇ ਹੀ ਨਹੀਂ ਸੀ ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਕੁਝ ਮਾੜੀਆਂ ਚਾਲਾਂ ਨੂੰ ਪੰਜਾਬ ਦੇ ਕੁਝ ਰੌਸ਼ਨ ਦਿਮਾਗ ਰੱਖਣ ਵਾਲੇ ਆਗੂਆਂ ਨੇ ਭਾਵੇਂ ਪਹਿਲਾਂ ਹੀ ਸਮਝ ਕੇ ਆਪਣੀ ਜ਼ਮੀਰ ਦੀ ਆਵਾਜ਼ ਦਾ ਹੋਕਾ ਲੋਕਾਂ ਸਾਹਮਣੇ ਦਿੱਤਾ ਸੀ ਪਰ ਇਨ੍ਹਾਂ ਆਗੂਆਂ ਦੀ ਕਿਸੇ ਨੇ ਆਵਾਜ਼ ਨਾ ਸੁਣੀ।
ਕੇਂਦਰ ਵਿਚ 2014 ਵਿਚ ਭਾਰੀ ਬਹੁਮਤ ਨਾਲ ਬਣੀ ਭਾਜਪਾ ਸਰਕਾਰ ਦੇ ਹੁੰਦਿਆਂ ਵੀ 2015 ਵਿਚ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ 70 ਸੀਟਾਂ ''ਚੋਂ 67 ਸੀਟਾਂ ਜਿੱਤ ਕੇ ਇਕ ਕਿਸਮ ਦਾ ਦੇਸ਼ ਦੇ ਲੋਕਾਂ ਦਾ ਹੀ ਦਿਲ ਜਿੱਤ ਲਿਆ ਸੀ, ਜਿਸ ਨਾਲ ਪੰਜਾਬ ਦੇ ਲੋਕਾਂ ਵਿਚ ਕੇਜਰੀਵਾਲ ਤੇ ''ਆਪ'' ਪ੍ਰਤੀ ਭਾਰੀ ਖਿੱਚ ਪੈਦਾ ਹੋ ਗਈ। ਕੁਝ ਬਾਗੀ ਸੁਰਾਂ ਵੀ ਉੱਠੀਆਂ ਪਰ ਗੱਲ ਨਾ ਬਣੀ। ਪੰਜਾਬ ਵਿਚ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਾਲੇ ਸੁੱਚਾ ਸਿੰਘ ਛੋਟੇਪੁਰ ਨੂੰ ਜਦੋਂ ਪਾਰਟੀ ''ਚੋਂ ਬਾਹਰ ਕੱਢਿਆ ਗਿਆ ਤਾਂ ਪੰਜਾਬ ਵਿਚ ਬਗਾਵਤ ਹੋਣੀ ਸ਼ੁਰੂ ਹੋ ਗਈ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ 100 ਤੋਂ ਉੱਪਰ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਸਿਰਫ਼ 20 ਸੀਟਾਂ ''ਤੇ ਸਿਮਟ ਕੇ ਰਹਿ ਗਈ। ਇਸ ਤੋਂ ਬਾਅਦ ਗੋਆ ਵਿਚ ਵੀ ਇਸ ਪਾਰਟੀ ਦਾ ਮਾੜਾ ਹਾਲ ਹੋਇਆ, ਜਦਕਿ ਹੁਣੇ-ਹੁਣੇ ਨਗਰ ਨਿਗਮ ਦਿੱਲੀ ਦੀਆਂ ਚੋਣਾਂ ਵਿਚ ਤਾਂ ਭਾਜਪਾ ਨੇ ਇਸ ਪਾਰਟੀ ਨੂੰ ''ਘਿਸਾ'' ਕੇ ਰੱਖ ਦਿੱਤਾ।
''ਆਪ'' ਦੇ ਇਕਦਮ ਡਿਗੇ ਗ੍ਰਾਫ਼ ਦੀ ਗੱਲ ਕਰਨ ਲਈ ਪੰਜਾਬ ਵਿਚੋਂ ਪਾਰਟੀ ਦੇ ਦੋ ਬਾਗੀ ਲੋਕ ਸਭਾ ਮੈਂਬਰਾਂ ਹਰਿੰਦਰ ਸਿੰਘ ਖਾਲਸਾ ਤੇ ਡਾ. ਧਰਮਵੀਰ ਗਾਂਧੀ ਤੇ ਪਾਰਟੀ ਦੇ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨਾਲ ਇਸ ਪੱਤਰਕਾਰ ਵੱਲੋਂ ਗੱਲ ਕੀਤੀ ਗਈ।
ਕੇਜਰੀਵਾਲ ਦਾ ਅਸਲੀ ਚਿਹਰਾ ਜਲਦ ਹੀ ਨੰਗਾ ਹੋ ਗਿਆ : ਡਾ. ਗਾਂਧੀ
ਪਾਰਟੀ ਦੇ ਘਟਦੇ ਜਾ ਰਹੇ ਗ੍ਰਾਫ਼ ਬਾਰੇ ਗੱਲ ਕਰਦਿਆਂ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਬਾਗੀ ਐੱਮ. ਪੀ. ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਦੇਸ਼ ਦੇ ਲੋਕ ਸਿਆਸੀ ਲੀਡਰਾਂ ਨੂੰ ਈਮਾਨਦਾਰ ਤੇ ਸਮਾਜ ਸੁਧਾਰਕ ਅਕਸ ਵਾਲੇ ਦੇਖਣਾ ਚਾਹੁੰਦੇ ਹਨ ਤੇ ਕੇਜਰੀਵਾਲ ਵਿਚ ਵੀ ਲੋਕਾਂ ਨੇ ਇਹੋ ਕੁਝ ਦੇਖਿਆ ਸੀ ਪਰ ਦੇਸ਼ ਦੀ ਜਨਤਾ ਨੂੰ ਗਲਤ ਢੰਗ ਨਾਲ ਸਬਜ਼ਬਾਗ ਦਿਖਾਉਣÎ ਵਾਲੇ ਕੇਜਰੀਵਾਲ ਦਾ ਚਿਹਰਾ ਜਲਦ ਹੀ ਨੰਗਾ ਹੋ ਗਿਆ ਹੈ। ਕੇਜਰੀਵਾਲ ਨੇ ਆਪਣੇ ਨੇੜਲੇ ਸਾਥੀਆਂ ਨੂੰ ਪੰਜਾਬ ਭੇਜ ਕੇ ਸੂਬੇ ਦੇ ਲੋਕਾਂ ਦਾ ਸ਼ੋਸ਼ਣ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਵੋਟਾਂ ਵੇਲੇ ਵੀ ਪੰਜਾਬ ਦੇ ਲੀਡਰਾਂ ਦੀ ਜ਼ਿਆਦਾ ਪੁੱਛਗਿੱਛ ਨਾ ਹੋਈ, ਸਗੋਂ ਦੂਸਰੀਆਂ ਪਾਰਟੀਆਂ ਖ਼ਾਸ ਕਰਕੇ ਅਕਾਲੀ ਤੇ ਕਾਂਗਰਸ ''ਚੋਂ ਨਕਾਰੇ ਗਏ ਆਗੂਆਂ ਨੂੰ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੇਚੀਆਂ ਗਈਆਂ। ਆਮ ਆਦਮੀ ਪਾਰਟੀ ਦੇ ਕਈ ਆਗੂਆਂ ''ਤੇ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਵੀ ਲੱਗੇ ਜਿਸ ਕਾਰਨ ਪਾਰਟੀ ਆਪਣੇ ਅਸਲ ਸਿਧਾਂਤ ਤੋਂ ਭਟਕ ਗਈ ਹੈ, ਇਸ ਕਰਕੇ ਇਸਦਾ ਗ੍ਰਾਫ਼ ਹੁਣ ਘਟਦਾ ਹੀ ਜਾਵੇਗਾ।
''ਆਪ'' ਦੀ ਹਾਰ ਦਰ ਹਾਰ ਲੋਕਾਂ ਨਾਲ ਧੋਖੇ ਦਾ ਨਤੀਜਾ : ਛੋਟੇਪੁਰ
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਰਟੀ ਦੇ ਸੁਪਰੀਮੋ ਤੇ ਉਸਦੇ ਚਾਪਲੂਸਾਂ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ ਕਾਰਨ ਹਾਰ ਦਰ ਹਾਰ ਹੋਣਾ ਕੁਦਰਤੀ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅੰਦਰੋਂ ''ਹਾਥੀ ਦੇ ਦੰਦ ਦਿਖਾਉਣ ਲਈ ਹੋਰ ਤੇ ਖਾਣ ਲਈ ਕੋਈ ਹੋਰ'' ਵਾਂਗ ਸਾਬਿਤ ਹੋਇਆ ਹੈ। ਈਮਾਨਦਾਰੀ ਦਾ ਦਮ ਭਰਨ ਵਾਲੇ ਇਸ ਆਗੂ ਨੇ ਪੰਜਾਬ ਵਿਚ ਕਰੋੜਾਂ ਰੁਪਏ ਦੀਆਂ ਟਿਕਟਾਂ ਵੇਚੀਆਂ। ਜਿਹੜੇ ਕਾਰਨਾਂ ਕਰਕੇ ਪੰਜਾਬ ਦੇ ਲੀਡਰਾਂ ''ਤੇ ਥਾਪੇ ਗਏ ਕੇਜਰੀਵਾਲ ਦੇ ਖਾਸਮਖ਼ਾਸ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਹੁਣ ਅਸਤੀਫ਼ੇ ਦਿੱਤੇ ਗਏ ਹਨ ਜੇਕਰ ਇਹ ਆਗੂ ਪੰਜਾਬ ਦੇ ਆਗੂਆਂ ਦੀ ਆਵਾਜ਼ ਸੁਣ ਕੇ ਪਹਿਲਾਂ ਹੀ ਪਿੱਛੇ ਹਟ ਜਾਂਦੇ ਤਾਂ ਅੱਜ ਪਾਰਟੀ ਨੂੰ ਇਹ ਦਿਨ ਨਹੀਂ ਸੀ ਦੇਖਣੇ ਪੈਣੇ।
ਛੋਟੇਪੁਰ ਨੇ ਕਿਹਾ ਕਿ ਇਹ ਲੋਕ ਆਪਣੀਆਂ ਗਲਤੀਆਂ ਕੱਢਣ ਦੀ ਬਜਾਏ ਏ. ਵੀ. ਐੱਮ. ਮਸ਼ੀਨਾਂ ਵਿਚ ਨੁਕਸ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਵਰਗਾ ਬਜ਼ੁਰਗ ਲੀਡਰ ਵੀ ਇਹ ਕਹਿ ਰਿਹਾ ਹੈ ਕਿ ਉਹ ਕੇਜਰੀਵਾਲ ਨੂੰ ਬਹੁਤ ਚਿਰ ਪਹਿਲਾਂ ਹੀ ਸਮਝ ਗਿਆ ਸੀ ਕਿ ਉਹ ਕਹਿੰਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ। ਲੋਕਾਂ ਨਾਲ ਕੀਤੇ ਗਏ ਧੋਖੇ ਨੇ ਉਨ੍ਹਾਂ ਨੂੰ ਸਬਕ ਸਿਖਾ ਦਿੱਤਾ ਹੈ।

Gurminder Singh

This news is Content Editor Gurminder Singh