ਮਜੀਠੀਆ ਮੁਆਫੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਏ ਕੇਜਰੀਵਾਲ, ਖਹਿਰਾ ਧੜੇ ਤੋਂ ਰਹੇ ਦੂਰ

08/19/2018 6:27:15 PM

ਬਰਨਾਲਾ : ਡਰੱਗ ਮਾਣਹਾਨੀ ਮਾਮਲੇ ਵਿਚ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਤੋਂ ਬਾਅਦ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਪੰਜਾਬ ਪਹੁੰਚੇ। ਰਾਜਧਾਨੀ ਤੋਂ ਦਿੱਲੀ-ਲੁਧਿਆਣਾ ਸ਼ਤਾਬਦੀ ਰਾਹੀਂ ਸੰਗਰੂਰ ਪਹੁੰਚੇ ਕੇਜਰੀਵਾਲ ਪਹਿਲਾਂ ਸੜਕ ਮਾਰਗ ਰਾਹੀਂ ਬਰਨਾਲਾ ਪਹੁੰਚੇ ਜਿੱਥੇ ਉਨ੍ਹਾਂ ਵਿਧਾਇਕ ਮੀਤ ਹੇਅਰ ਦੇ ਘਰ ਪਾਰਟੀ ਦੇ ਕੁਝ ਵਰਕਰਾਂ ਨਾਲ ਬੈਠਕ ਕੀਤੀ। ਇਸ ਮੌਕੇ ਕੇਜਰੀਵਾਲ ਨਾਲ ਮਨੀਸ਼ ਸਿਸੋਦੀਆ, ਭਗਵੰਤ ਮਾਨ, ਡਾ. ਬਲਬੀਰ ਸਿੰਘ, ਅਮਨ ਅਰੋੜਾ, ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂ ਵੀ ਮੌਜੂਦ ਸਨ। ਕੁਝ ਸਮਾਂ ਵਿਧਾਇਕ ਮੀਤ ਹੇਅਰ ਦੇ ਘਰ ਠਹਿਰਣ ਉਪਰੰਤ ਕੇਜਰੀਵਾਲ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਭੋਗ 'ਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ। ਜਿੱਥੇ ਉਨ੍ਹਾਂ ਵਿਧਾਇਕ ਪੰਡੋਰੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 

ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ 'ਆਪ' ਦੇ ਕਲੇਸ਼ ਬਾਰੇ ਕਿਹਾ ਕਿ ਇਹ ਸਾਡਾ ਪਰਿਵਾਰਕ ਮਸਲਾ ਹੈ, ਇਸ ਨੂੰ ਸੁਲਝਾ ਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਪਰਿਵਾਰਾਂ ਵਿਚ ਥੋੜ੍ਹੀ ਬਹੁਤ ਲੜਾਈ ਹੁੰਦੀ ਰਹਿੰਦੀ ਹੈ ਅਤੇ ਇਸ ਲੜਾਈ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਕੇਜਰੀਵਾਲ ਅਤੇ ਖਹਿਰਾ ਵਿਚਾਲੇ ਦੂਰੀ ਹੋਰ ਵੀ ਵਧਦੀ ਨਜ਼ਰ ਆਈ। ਖਹਿਰਾ ਕੇਜਰੀਵਾਲ ਤੋਂ ਕੁਝ ਹੀ ਦੂਰੀ 'ਤੇ ਬੈਠੇ ਸਨ ਪਰ ਕੇਜਰੀਵਾਲ ਨੇ ਉਨ੍ਹਾਂ ਵੱਲ ਦੇਖਿਆ ਤਕ ਨਹੀਂ। ਇਸੇ ਤਰ੍ਹਾਂ ਖਹਿਰਾ ਨੇ ਵੀ ਕੇਜਰੀਵਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।  

ਕੇਜਰੀਵਾਲ ਤੋਂ ਪਹਿਲਾਂ ਪਹੁੰਚੇ ਸੁਖਪਾਲ ਖਹਿਰਾ
ਅਰਵਿੰਦ ਕੇਜਰੀਵਾਲ ਦੇ ਪਿੰਡ ਪੰਡੋਰੀ ਪਹੁੰਚਣ ਤੋਂ ਪਹਿਲਾਂ ਸੁਖਪਾਲ ਖਹਿਰਾ ਵੀ ਭੋਗ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੁੰਚ ਗਏ। ਖਹਿਰਾ ਵੀ. ਆਈ. ਪੀ. ਗੈਲਰੀ ਨੂੰ ਛੱਡ ਕੇ ਆਮ ਜਨਤਾ ਲਈ ਸਮਾਗਮ ਵਿਚ ਰੱਖੀ ਗਈ ਐਂਟਰੀ ਰਾਹੀਂ ਸਮਾਗਮ 'ਚ ਪਹੁੰਚੇ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਹ ਕਿਸੇ ਦਾ ਵਿਰੋਧ ਕਰਨ ਨਹੀਂ ਆਏ ਹਨ, ਸਗੋਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਨ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੇ ਆਉਣ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਕੋਈ ਮੀਟਿੰਗ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ ਹੈ।