ਖਹਿਰਾ ਨੇ ਪੱਗੜੀ ਦਾ ਰੰਗ ਹੀ ਨਹੀਂ, ਮਨ ਵੀ ਬਦਲਿਆ : ਭਗਵੰਤ ਮਾਨ

08/26/2018 1:08:31 PM

ਜਲੰਧਰ (ਬੁਲੰਦ)— ਸੁਖਪਾਲ ਖਹਿਰਾ 'ਤੇ ਸਾਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਹ ਪਾਰਟੀ ਨਾਲ ਲੰਮੇ ਸਮੇਂ ਤੱਕ ਨਹੀਂ ਚੱਲਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ ਜ਼ਰੀਏ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਆਪਣੀ ਪੱਗੜੀ ਦਾ ਰੰਗ ਹੀ ਨਹੀਂ ਬਦਲਿਆ ਸਗੋਂ ਆਪਣਾ ਮਨ ਵੀ ਬਦਲ ਲਿਆ ਹੈ। ਮਾਨ ਨੇ ਕਿਹਾ ਕਿ ਖਹਿਰਾ ਵੱਲੋਂ ਖੁਦ ਨੂੰ ਹੀ ਪ੍ਰਧਾਨ ਬਣਾਉਣਾ ਅਤੇ ਆਪਣੀ ਹੀ ਪੀ. ਏ. ਸੀ. ਬਣਾਉਣਾ ਸਿਰਫ ਇਕ ਮਜ਼ਾਕ ਹੈ, ਇਸ ਦਾ ਕੋਈ ਵਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਖਿੱਚੋਤਾਣ ਸਿਰਫ ਆਮ ਆਦਮੀ ਪਾਰਟੀ 'ਚ ਹੀ ਨਹੀਂ ਕਾਂਗਰਸ ਅਤੇ ਭਾਜਪਾ 'ਚ ਵੀ ਚੱਲਦੀ ਆਈ ਹੈ। ਭਾਜਪਾ ਅਤੇ ਕਾਂਗਰਸ 'ਚ ਪੰਜਾਬ ਦੀ ਪ੍ਰਧਾਨਗੀ ਨੂੰ ਲੈ ਕੇ ਕਾਫੀ ਵਿਵਾਦ ਹੁੰਦਾ ਰਿਹਾ ਹੈ। ਇਸ ਲਈ ਸਿਰਫ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਕੁਝ ਲੋਕ ਪੰਜਾਬ ਦੇ ਮਸਲਿਆਂ ਨੂੰ ਭੁੱਲ ਕੇ ਵਿਚ-ਵਿਚ ਕੁਰਸੀਆਂ ਕਿੱਥੇ ਲਗਦੀਆਂ ਹਨ ਅਤੇ ਕਿਸ ਨੂੰ ਕਿਹੜਾ ਅਹੁਦਾ ਮਿਲਦਾ ਹੈ, ਇਸ ਦੇ ਪਿੱਛੇ ਲੱਗੇ ਹਨ। ਜਦੋਂਕਿ ਪੰਜਾਬ ਦੇ ਕਈ ਗੰਭੀਰ ਮਸਲੇ ਅਣਦੇਖੇ ਕੀਤੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਖਹਿਰਾ ਵੱਲੋਂ ਇਹ ਕਿਹਾ ਜਾਣਾ ਕਿ ਪਾਰਟੀ ਦੇ ਜ਼ਿਆਦਾਤਰ ਆਗੂ ਉਸ ਦੇ ਨਾਲ ਹਨ ਅਤੇ ਉਹ ਪਾਰਟੀ 'ਤੇ ਕਬਜ਼ਾ ਕਰ ਲਵੇਗਾ ਇਹ ਗਲਤ ਹੈ। ਜੇਕਰ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਪਾਰਟੀ ਨਾਲ ਜਿਸ ਨੇ ਗੱਦਾਰੀ ਕੀਤੀ ਉਹ ਖਤਮ ਹੋ ਗਿਆ। ਪਾਰਟੀ ਵੱਡੀ ਹੈ ਨਾ ਕਿ ਕੋਈ ਵਿਅਕਤੀ। ਉਨ੍ਹਾਂ ਕਿਹਾ ਕਿ ਪੰਜਾਬ ਲਈ ਪਾਰਟੀ ਨਵੀਂ ਕੋਰ ਕਮੇਟੀ ਬਣਾਉਣ ਜਾ ਰਹੀ ਹੈ ਜੋ ਪੰਜਾਬ ਦੇ ਸਾਰੇ ਫੈਸਲੇ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵਿਚ ਵਾਲੰਟੀਅਰ ਲੈਵਲ ਦੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਟਿਕਟ ਵੰਡ 'ਚ ਵੀ ਜੋ ਲਿਸਟਾਂ ਤਿਆਰ ਹੋਣਗੀਆਂ ਉਸ 'ਚ ਜ਼ਮੀਨੀ ਪੱਧਰ 'ਤੇ ਵਰਕਰਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ ਅਤੇ ਮਨਮਰਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਪਾਰਟੀ ਵਿਚ ਅਨੁਸ਼ਾਸਨ ਨਿਯਮ ਭੰਗ ਕੀਤੇ ਹਨ ਉਨ੍ਹਾਂ ਖਿਲਾਫ ਜਲਦੀ ਹੀ ਸਖਤ ਕਾਰਵਾਈ ਹੋਵੇਗੀ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਦੇ ਕੁਝ ਵੱਡੇ ਆਗੂ ਪਾਰਟੀ ਛੱਡ ਕੇ ਜਾ ਰਹੇ ਹਨ ਤਾਂ ਇਸ ਨਾਲ ਪਾਰਟੀ ਨੂੰ ਕੋਈ ਖਾਸ ਫਰਕ ਨਹੀਂ ਪੈਣ ਵਾਲਾ ਕਿਉਂਕਿ ਪਾਰਟੀ ਅਜੇ ਕੰਸਟਰੱਕਸ਼ਨ ਮੋਡ 'ਚ ਹੈ ਅਤੇ ਕਈ ਕੁਝ ਨਵਾਂ ਹੋਣਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਾਰਟੀ ਦਾ ਪ੍ਰਧਾਨ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਪਾਰਟੀ ਚੋਣ ਹਾਰ ਗਈ ਸੀ ਅਤੇ ਗੁਰਪ੍ਰੀਤ ਘੁੱਗੀ ਨੂੰ ਹਟਾਉਣ ਲਈ ਦਿੱਲੀ ਵਿਚ 5 ਘੰਟੇ ਪਾਰਟੀ ਪੀ. ਏ. ਸੀ. ਦੀ ਗੁਰਪ੍ਰੀਤ ਘੁੱਗੀ ਨਾਲ ਬੈਠਕ ਚੱਲੀ ਅਤੇ ਫਿਰ ਫੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਵਿਧਾਨ ਅਨੁਸਾਰ ਹੀ ਕੰਮ ਕੀਤਾ ਜਾਵੇਗਾ ਅਤੇ ਜੋ ਪਾਰਟੀ ਦੇ ਸੰਵਿਧਾਨ ਅਨੁਸਾਰ ਕੰਮ ਨਹੀਂ ਕਰਦਾ ਉਹ ਪਾਰਟੀ ਤੋਂ ਬਾਹਰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ 'ਤੇ ਅਜੇ ਤੱਕ ਕੋਈ ਵੀ ਕਾਰਵਾਈ ਇਸ ਲਈ ਨਹੀਂ ਹੋਈ ਕਿ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਪਰਤ ਆਵੇ ਪਰ ਸੁਖਪਾਲ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਪਾਰਟੀ ਸਖਤ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਸੁਖਪਾਲ ਨੇ ਪੱਗੜੀ ਦਾ ਰੰਗ ਹੀ ਨਹੀਂ ਬਦਲਿਆ, ਮਨ ਵੀ ਬਦਲ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਲੈਟਰ 16 ਪਾਰਟੀ ਵਿਧਾਇਕਾਂ ਨੇ ਸਾਈਨ ਕਰਕੇ ਗਵਰਨਰ ਨੂੰ ਦਿੱਤਾ ਸੀ, ਉਹ ਬਿਲਕੁਲ ਸਹੀ ਹੈ।

ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਕੋਲ ਆਪਣੇ ਚੋਣ ਫੰਡ ਦਾ ਸਾਰਾ ਹਿਸਾਬ ਹੈ ਅਤੇ ਕੋਈ ਵੀ ਇਸ ਨੂੰ ਚੈੱਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਨੂੰ ਜੋ ਆਪਣਾ ਅਸਤੀਫਾ ਦਿੱਤਾ ਸੀ ਉਹ ਵਾਪਸ ਨਹੀਂ ਲਿਆ ਪਰ ਪਾਰਟੀ ਦੇ ਹੁਕਮਾਂ 'ਤੇ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਅਤੇ ਪਾਰਟੀ ਦੇ ਸਟਾਰ ਕੰਪੇਨਰ ਵਾਂਗ ਕੰਮ ਕਰ ਰਿਹਾ ਹਾਂ ਅਤੇ ਪਾਰਟੀ ਦੀ ਮਜ਼ਬੂਤੀ ਲਈ ਪ੍ਰਚਾਰ ਕਰ ਰਿਹਾ ਹਾਂ।

ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਦੇ ਯਤਨਾਂ ਨਾਲ ਕਰਤਾਰਪੁਰ ਸਾਹਿਬ ਲਈ ਪਾਕਿਸਤਾਨ ਰਸਤਾ ਖੋਲ੍ਹਣ ਨੂੰ ਤਿਆਰ ਹੁੰਦਾ ਹੈ ਤਾਂ ਉਹ ਉਸ ਦੀ ਸ਼ਲਾਘਾ ਕਰਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ 26 ਅਗਸਤ ਨੂੰ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ 'ਚ ਕਾਨਫਰੰਸ ਕਰਨਗੇ ਅਤੇ ਇਸ ਦੇ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ।