''ਆਪ'' ਵਿਚ ਅਜੇ ਵੀ ਜਾਰੀ ਹੈ ''ਆਪਣੀ ਡਫਲੀ-ਆਪਣਾ ਰਾਗ''

10/22/2017 6:37:25 AM

ਚੰਡੀਗੜ੍ਹ(ਸ਼ਰਮਾ)- ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੱਤਾ ਹਾਸਲ ਕਰਨ ਦੇ ਨੇੜੇ ਪਹੁੰਚਣ ਦਾ ਅਹਿਸਾਸ ਦਿਵਾਉਣ ਮਗਰੋਂ ਨਿਰੰਤਰ ਆਪਣੇ ਵੋਟ ਬੈਂਕ ਤੇ ਲੋਕਪ੍ਰਿਯਤਾ ਦੇ ਗ੍ਰਾਫ ਵਿਚ ਕਮੀ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ 'ਆਪਣੀ ਡਫਲੀ-ਆਪਣਾ ਰਾਗ' ਅਲਾਪਣਾ ਬੰਦ ਨਹੀਂ ਕੀਤਾ। ਪਾਰਟੀ ਅਜੇ ਤੱਕ ਚੰਡੀਗੜ੍ਹ ਵਿਚ ਆਪਣਾ ਦਫ਼ਤਰ ਵੀ ਸਥਾਪਤ ਨਹੀਂ ਕਰ ਸਕੀ ਹੈ। ਹਾਲਾਂਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਹੀ ਮੀਡੀਆ ਨਾਲ ਜੁੜੇ ਲੋਕਾਂ ਦੀਆਂ ਸੇਵਾਵਾਂ ਹਾਇਰ ਕਰ ਕੇ ਮੀਡੀਆ ਸੈੱਲ ਦਾ ਗਠਨ ਕੀਤਾ ਸੀ ਪਰ ਉਨ੍ਹਾਂ ਦਾ ਵੀ ਅਜੇ ਤੱਕ ਕੋਈ ਟਿਕਾਣਾ ਨਹੀਂ ਹੈ। ਨਾ ਹੀ ਮੀਡੀਆ ਨੂੰ ਜਾਰੀ ਹੋਣ ਵਾਲੇ ਬਿਆਨਾਂ ਨੂੰ ਲੈ ਕੇ ਵੱਖ-ਵੱਖ ਨੇਤਾਵਾਂ ਤੇ ਮੀਡੀਆ ਸੈੱਲ ਵਿਚ ਕੋਈ ਤਾਲਮੇਲ ਹੈ। ਇਕ ਹੀ ਵਿਸ਼ੇ 'ਤੇ ਪਾਰਟੀ ਪੱਧਰ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਲੋਂ ਵੱਖ-ਵੱਖ ਬਿਆਨ ਜਾਰੀ ਕੀਤੇ ਜਾ ਰਹੇ ਹਨ। ਅਜੇ ਹਾਲ ਹੀ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਸਾਨਾਂ ਵਲੋਂ ਪਰਾਲੀ ਸਾੜਨ ਦੇ ਮਾਮਲੇ ਵਿਚ ਸਰਕਾਰ ਦੇ ਤਸ਼ੱਦਦ ਦਾ ਮਾਮਲਾ ਆਪਣੇ ਪੱਧਰ 'ਤੇ ਪ੍ਰੈੱਸ ਬਿਆਨ ਜਾਰੀ ਕਰ ਕੇ ਉਠਾਇਆ ਤੇ ਅਗਲੇ ਹੀ ਦਿਨ ਇਸ ਵਿਸ਼ੇ 'ਤੇ ਪਾਰਟੀ ਮੀਡੀਆ ਸੈੱਲ ਵਲੋਂ ਪ੍ਰਦੇਸ਼ ਪਾਰਟੀ ਪ੍ਰਧਾਨ ਭਗਵੰਤ ਮਾਨ ਦਾ ਬਿਆਨ ਜਾਰੀ ਹੋ ਗਿਆ। ਇਹੀ ਨਹੀਂ ਸਰਕਾਰ ਵਲੋਂ ਸੂਬੇ ਦੇ 800 ਸਕੂਲਾਂ ਦੇ ਮਰਜ ਸਬੰਧੀ ਲਏ ਗਏ ਫੈਸਲੇ 'ਤੇ ਸ਼ਨੀਵਾਰ ਨੂੰ ਜਿੱਥੇ ਖਹਿਰਾ ਵਲੋਂ ਬਿਆਨ ਜਾਰੀ ਕਰ ਕੇ ਸਰਕਾਰ ਦੇ ਇਸ ਦੀ ਨਿੰਦਾ ਕੀਤੀ ਗਈ, ਉਥੇ ਹੀ ਪਾਰਟੀ ਵਲੋਂ ਵੀ ਇਸੇ ਤਰਜ਼ 'ਤੇ ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ ਤੇ ਹੋਰ ਵਿਧਾਇਕਾਂ ਵਲੋਂ ਵੱਖਰੇ ਬਿਆਨ ਜਾਰੀ ਕਰ ਕੇ ਪੰਜਾਬ ਸਰਕਾਰ ਨੂੰ ਆਪਣਾ ਫੈਸਲਾ ਬਦਲਣ ਦੀ ਮੰਗ ਕੀਤੀ ਗਈ। ਸਥਿਤੀ ਦਾ ਮਜ਼ੇਦਾਰ ਪਹਿਲੂ ਇਹ ਹੈ ਕਿ ਬਿਆਨਾਂ ਦੇ ਆਧਾਰ 'ਤੇ ਖ਼ਬਰ ਛਪਣ ਤੱਕ ਨਾ ਤਾਂ ਪਾਰਟੀ ਨੇਤਾਵਾਂ ਨੂੰ ਸੁਖਪਾਲ ਸਿੰਘ ਖਹਿਰਾ ਵਲੋਂ ਉਠਾਏ ਗਏ ਮਾਮਲੇ ਦੀ ਜਾਣਕਾਰੀ ਹੁੰਦੀ ਹੈ ਤੇ ਨਾ ਹੀ ਖਹਿਰਾ ਨੂੰ ਪਾਰਟੀ ਵਲੋਂ ਉਠਾਏ ਗਏ ਮਾਮਲੇ ਦੀ।