ਆਮ ਆਦਮੀ ਪਾਰਟੀ ਦੀ ਘਟੀਆ ਰਾਜਨੀਤੀ ਦਾ ਪਰਦਾਫਾਸ਼ : ਵਲਟੋਹਾ

03/16/2018 6:35:04 PM

ਵਲਟੋਹਾ (ਬਲਜੀਤ ਸਿੰਘ) : ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ ਸ਼ੁੱਕਰਵਾਰ ਨੂੰ ਅਮਰਕੋਟ ਭਵਨ ਵਿਖੇ ਜ਼ੋਨ ਇੰਚਾਰਜਾਂ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਵਲਟੋਹਾ ਵਲੋਂ ਆਪਣੇ ਵਰਕਰਾਂ ਨੂੰ ਸਰਪੰਚੀ ਚੋਣਾਂ ਵਿਚ ਡੱਟ ਕੇ ਖੜਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਚੋਣਆਂ ਦੌਰਾਨ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਜਿਸ ਦਾ ਨਤੀਜਾ ਅੱਜ ਲੋਕਾਂ ਦੇ ਸਾਹਮਣੇ ਹੈ ਅਤੇ ਆਮ ਆਦਮੀ ਪਾਰਟੀ ਦੀ ਘਟੀਆ ਰਾਜਨੀਤੀ ਦਾ ਪਰਦਾ ਫਾਸ ਹੋ ਗਿਆ ਹੈ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਸਿੰਘ ਮਜੀਠੀਆ ਤੋਂ ਝੂਠੇ ਦੋਸ਼ਾਂ ਦੀ ਮੁਆਫੀ ਮੰਗੀ ਗਈ ਹੈ।
ਪ੍ਰੋ. ਵਲਟੋਹਾ ਨੇ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠੇ ਦੋਸ਼ ਲਾ ਕੇ ਸੱਤਾ ਵਿਚ ਆਉਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਤਾਂ ਕੀ ਪੂਰੇ ਦੇਸ਼ ਵਿਚ ਵਜੂਦ ਖਤਮ ਹੋ ਚੁੱਕਾ ਹੈ। ਉਨ੍ਹਾਂ ਕਾਗਰਸ ਪਾਰਟੀ ਨੂੰ ਵੀ ਲੰਮੇ ਹੱਥੀਂ ਲੈਦਿਆਂ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਕਾਮ ਅਤੇ ਫੇਲ੍ਹ ਸਾਬਤ ਹੋ ਚੁੱਕੀ ਹੈ, ਉਨਾਂ ਕਿਹਾ ਕਾਂਗਰਸ ਸਰਕਾਰ ਵਿਰੁਧ ਅੱਜ ਪੰਜਾਬ ਦੀ ਜਨਤਾ ਸੜਕਾਂ 'ਤੇ ਉਤਰ ਆਈ ਹੈ ਅਤੇ ਹਰ ਮੁਲਾਜ਼ਮ ਕਾਂਗਰਸ ਤੋਂ ਪੂਰੀ ਤਰਾਂ ਦੁੱਖੀ ਹੈ। ਉਨਾਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਵਾਅਦਾ ਖਿਲਾਫੀ ਵਿਰੁਧ 20 ਤਰੀਕ ਨੂੰ ਚੰਡੀਗੜ੍ਹ ਵਿਖੇ ਧਰਨੇ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਤਾਂ ਜੋ ਇਸ ਸਰਕਾਰ ਦੀਆਂ ਜੜ੍ਹਾਂ ਹਿਲ ਸਕਣ।