ਪੰਜਾਬ ਦੇ ''ਆਪ'' ਵਿਧਾਇਕ ਦਿੱਲੀ ਤਲਬ, ਖਹਿਰਾ ਗਰੁੱਪ ਵਲੋਂ ਜਾਣ ਤੋਂ ਨਾਂਹ

03/18/2018 8:50:25 AM

ਨਵੀਂ ਦਿੱਲੀ/ਚੰਡੀਗੜ੍ਹ (ਏਜੰਸੀਆਂ)¸ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼  ਸਿਸੋਦੀਆ ਨੇ ਪੰਜਾਬ ਵਿਚ 'ਆਪ' ਦੇ ਵਿਧਾਇਕਾਂ ਨੂੰ ਐਤਵਾਰ ਹੋਣ ਵਾਲੀ ਬੈਠਕ ਵਿਚ ਹਿੱਸਾ ਲੈਣ ਲਈ ਦਿੱਲੀ ਤਲਬ ਕੀਤਾ ਹੈ। ਮਨੀਸ਼ ਸਿਸੋਦੀਆ ਨੇ ਆਮ ਆਦਮੀ ਪਾਰਟੀ ਦੇ ਸਾਰੇ 20 ਵਿਧਾਇਕਾਂ ਨੂੰ ਐਤਵਾਰ ਸ਼ਾਮ 5 ਵਜੇ ਉਕਤ ਮੀਟਿੰਗ ਵਿਚ ਹਿੱਸਾ ਲੈਣ ਲਈ ਸੱਦਿਆ ਹੈ। ਮੀਟਿੰਗ ਵਿਚ ਅਰਵਿੰਦ ਕੇਜਰੀਵਾਲ ਵੀ ਮੌਜੂਦ ਹੋਣਗੇ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਧੜੇ ਦੇ ਇਕ ਵਿਧਾਇਕ ਕੰਵਰ ਸੰਧੂ ਨੇ ਕਿਹਾ ਹੈ ਕਿ ਉਨ੍ਹਾਂ ਦੇ ਧੜੇ ਦੇ ਵਿਧਾਇਕ ਸਿਸੋਦੀਆ ਵਲੋਂ ਸੱਦੀ ਗਈ ਬੈਠਕ ਵਿਚ ਸ਼ਾਮਲ ਨਹੀਂ ਹੋਣਗੇ। ਜਿਨ੍ਹਾਂ ਨੇ ਗੱਲ ਕਰਨੀ ਹੈ, ਉਹ ਚੰਡੀਗੜ੍ਹ ਆ ਜਾਣ।

ਕੇਜਰੀਵਾਲ ਨੇ ਪੰਜਾਬ ਦੇ ਆਗੂਆਂ ਨਾਲ ਕੀਤੀ ਮੁਲਾਕਾਤ
ਮਾਮਲੇ ਨੂੰ ਸ਼ਾਂਤ ਕਰਨ ਲਈ ਸ਼ਨੀਵਾਰ ਕੇਜਰੀਵਾਲ ਨੇ ਪੰਜਾਬ ਦੇ 'ਆਪ' ਆਗੂਆਂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕੇਜਰੀਵਾਲ ਦੇ ਨਿਵਾਸ ਵਿਖੇ ਹੋਈ। ਮੁਲਾਕਾਤ ਦੌਰਾਨ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਤੋਂ ਇਲਾਵਾ ਬਲਜਿੰਦਰ ਕੌਰ, ਕੁਲਤਾਰ  ਸਿੰਘ ਅਤੇ ਅਮਰਜੀਤ ਸਿੰਘ ਸ਼ਾਮਲ ਸਨ। ਪੰਜਾਬ ਮੁੱਦੇ ਨੂੰ ਲੈ ਕੇ ਹੋਈ ਉਕਤ ਬੈਠਕ ਦੇ ਖਤਮ  ਹੋਣ ਪਿੱਛੋਂ ਤਿੰਨਾਂ ਵਿਧਾਇਕਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਮਨੀਸ਼ ਸਿਸੋਦੀਆ ਵੀ ਬਿਨਾਂ ਕੋਈ ਗੱਲਬਾਤ ਕੀਤੇ ਚਲੇ ਗਏ।

ਸੰਜੇ ਤੇ ਫੂਲਕਾ ਨਾਰਾਜ਼ ਵਿਧਾਇਕਾਂ ਨੂੰ ਮਨਾਉਣ 'ਚ ਜੁਟੇ
ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਅਤੇ ਪੰਜਾਬ ਦੇ ਵਿਧਾਇਕ ਐੱਚ. ਐੱਸ. ਫੂਲਕਾ ਨਾਰਾਜ਼ ਵਿਧਾਇਕਾਂ ਨੂੰ ਮਨਾਉਣ 'ਚ ਜੁਟ ਗਏ ਹਨ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਪੰਜਾਬ ਦੇ ਪਾਰਟੀ ਨਾਲ ਸੰਬੰਧਤ ਸਭ ਵਿਧਾਇਕ ਸਿਸੋਦੀਆ ਵਲੋਂ ਸੱਦੀ ਗਈ ਬੈਠਕ ਵਿਚ ਸ਼ਾਮਲ ਹੋਣ।