ਮਾਲਵਾ ਖਿੱਤੇ ’ਤੇ ਆਮ ਆਦਮੀ ਪਾਰਟੀ ਦੀ ਵੱਡੀ ਟੇਕ, 2022 ਚੋਣਾਂ ਲਈ ਰਣਨੀਤੀ ਘੜਨੀ ਸ਼ੁਰੂ

03/16/2021 6:25:55 PM

ਮੋਗਾ (ਗੋਪੀ ਰਾਊਕੇ)- ਇਕ ਪਾਸੇ ਜਿਥੇ ਪੰਜਾਬ ਦੀ ਹੁਕਮਰਾਨ ਧਿਰ ਕਾਂਗਰਸ ਵਲੋਂ ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਮੁੜ ਤੋਂ ਸੱਤਾ ਪ੍ਰਾਪਤੀ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਅਕਾਲੀ ਦਲ ਵੀ ਸੱਤਾ ਪ੍ਰਾਪਤੀ ਲਈ ਸਰਗਰਮੀਆਂ ਤੇਜ਼ ਕਰ ਰਿਹਾ ਹੈ ਪਰ ਪੰਜਾਬ ਵਿਚ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਤਕੜੀ ਰਾਜਸੀ ਟੱਕਰ ਦੇ ਕੇ ਸੂਬਾ ਵਿਧਾਨ ਸਭਾ ਚੋਣਾਂ ਵਿਚੋਂ ਦੂਜੇ ਸਥਾਨ ’ਤੇ ਰਹੀ ਆਮ ਆਦਮੀ ਪਾਰਟੀ ਨੇ ਵੀ ਹੁਣ ਪੰਜਾਬ ਵਿਚ ਅਗਾਮੀ ਚੋਣਾਂ ਵਿਚ ਜਿੱਤ ਲਈ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਖ਼ਤਰੇ ਕਾਰਨ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਵਿਦਿਆਰਥੀਆਂ ਲਈ ਜਾਰੀ ਕੀਤੇ ਨਵੇਂ ਹੁਕਮ

ਪੰਜਾਬ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਅਤੇ ਸਾਫ਼ ਸੁਥਰੀ ਰਾਜਨੀਤੀ ਦੀ ਪ੍ਰਿਤ ਪਾਉਣ ਦੇ ਮਨੋਰਥ ਨਾਲ ਲੋਕਾਂ ਵਿਚ ਜਾ ਰਹੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੇ ਹੱਕ ਵਿਚ ਇਹ ਗੱਲ ਵੱਡੇ ਪੱਧਰ ’ਤੇ ਜਾਂਦੀ ਹੈ ਕਿ ਉਨ੍ਹਾਂ ਕੋਲ ਇਕ ਤਾਂ ਪੰਜਾਬ ਦੇ ਮਸਲਿਆਂ ਨੂੰ ਲੋਕ ਸਭਾ ਵਿਚ ਉਠਾਉਣ ਦਾ ਵੱਡਾ ਤਜ਼ਰਬਾ ਹੈ ਅਤੇ ਦੂਜਾ ਉਨ੍ਹਾਂ ਵਲੋਂ ਲੋਕ ਸਭਾ ਹਲਕਾ ਸੰਗਰੂਰ ਵਿਚ ਪਿਛਲੇ ਸਾਢੇ 6 ਵਰ੍ਹਿਆਂ ਦੌਰਾਨ ਜੋ ਵਿਕਾਸ ਦੇ ਮੀਲ ਪੱਥਰ ਗੱਡੇ ਹਨ, ਉਨ੍ਹਾਂ ਕਰਕੇ ਲੋਕਾਂ ਦੀ ਇਸ ਆਗੂ ਪ੍ਰਤੀ ਵੱਡੀ ਖਿੱਚ ਹੈ, ਇਥੇ ਹੀ ਬੱਸ ਨਹੀਂ ਨੌਜਵਾਨ ਤਬਕਾ ਵੀ ਵੱਡੇ ਪੱਧਰ ’ਤੇ ਆਮ ਆਦਮੀ ਪਾਰਟੀ ਦਾ ‘ਝਾੜੂ’ਚੁੱਕ ਮੈਦਾਨ ਵਿਚ ਨਿੱਤਰਿਆ ਹੋਇਆ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵਲੋਂ ਪਹਿਲੇ ਉਮੀਦਵਾਰ ਦਾ ਐਲਾਨ, ਜਲਾਲਾਬਾਦ ਤੋਂ ਚੋਣ ਲੜਨਗੇ ਸੁਖਬੀਰ ਬਾਦਲ

ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਟੇਕ ਮਾਲਵਾ ਖਿੱਤੇ ’ਤੇ ਹੈ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾਝਾ ਅਤੇ ਦੋਆਬਾ ਖ਼ੇਤਰ ਨਾਲੋਂ ਪਾਰਟੀ ਨੂੰ ਮਾਲਵੇ ਖਿੱਤੇ ਵਿਚ ਵੱਡਾ ਵੋਟ ਬੈਂਕ ਹੀ ਨਹੀਂ ਪਿਆ, ਸਗੋਂ ਪਾਰਟੀ ਦੇ ਵਿਧਾਇਕ ਵੀ ਜ਼ਿਆਦਾਤਰ ਮਾਲਵੇ ਤੋਂ ਹੀ ਜਿੱਤਣ ਵਿਚ ਕਾਮਯਾਬ ਹੋਏ ਸਨ। ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਾਲੇ ਖ਼ੇਤੀ ਕਾਨੂੰਨਾਂ ਵਿਰੁੱਧ 21 ਮਾਰਚ ਨੂੰ ਪਾਰਟੀ ਵਲੋਂ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਿਖੇ ‘ਕਿਸਾਨ ਮਹਾਪੰਚਾਇਤ’ ਰੈਲੀ ਰੱਖੀ ਹੈ, ਜਿਸ ਵਿਚ ਵੱਡਾ ਇਕੱਠ ਜੁਟਾਉਣ ਲਈ ਪਾਰਟੀ ਦੇ ਆਗੂ ਪੱਬਾਂ ਭਾਰ ਹੋ ਗਏ ਹਨ।

ਇਹ ਵੀ ਪੜ੍ਹੋ : ਖ਼ੌਫਨਾਕ ਅੰਜਾਮ ਤਕ ਪਹੁੰਚਿਆ ਘਰ ਦਾ ਕਲੇਸ਼, ਪਤਨੀ ਨੇ ਪੁੱਤਾਂ ਨਾਲ ਮਿਲ ਕਤਲ ਕੀਤਾ ਪਤੀ

ਕੇਜਰੀਵਾਲ ਬਾਘਾ ਪੁਰਾਣਾ ਪੁੱਜ ਕੇ ਭਰਨਗੇ ਵਾਲੰਟੀਅਰਾਂ ’ਚ ਜੋਸ਼
ਕਿਸਾਨ ਮਹਾਪੰਚਾਇਤ ਦੇ ਝੰਡੇ ਹੇਠਾਂ ਹੋਣ ਵਾਲੀ ਇਸ ਰੈਲੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਚੇਚੇ ਤੌਰ ’ਤੇ ਪੁੱਜ ਕੇ ਪਾਰਟੀ ਵਾਲੰਟੀਅਰਾਂ ਵਿਚ ਜੋਸ਼ ਭਰਨਗੇ, ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਹਿਜ਼ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਭਾਵੇਂ ਆਮ ਆਦਮੀ ਪਾਰਟੀ ਵਲੋਂ ਬਾਘਾ ਪੁਰਾਣਾ ਵਿਚ ਪੰਜਾਬ ਦਾ ਸੈਂਟਰ ਪੈਦਾ ਹੋਣ ਕਰਕੇ ਕਿਸਾਨ ਮਹਾਪੰਚਾਇਤ ਲਈ ਇਹ ਸਥਾਨ ਚੁਨਣ ਦਾ ਦਾਅਵਾ ਕੀਤਾ ਗਿਆ ਹੈ ਪਰ ਸੂਤਰਾਂ ਦਾ ਦੱਸਣਾ ਹੈ ਕਿ ਪਾਰਟੀ ਦੇ ਸੂਬਾਈ ਪ੍ਰਧਾਨ ’ਤੇ ਸੰਸਦ ਮੈਂਬਰ ਭਗਵੰਤ ਮਾਨ ਬਾਘਾ ਪੁਰਾਣਾ ਤੋਂ ਚੋਣ ਲੜ ਸਕਦੇ ਹਨ। ਜ਼ਿਕਰਯੋਗ ਹੈ ਕਿ ਬਾਘਾ ਪੁਰਾਣਾ ਨਿਰੋਲ ਪੇਂਡੂ ਹਲਕਾ ਹੈ ਤੇ ਇਸੇ ਕਰ ਕੇ ਪਾਰਟੀ ਪ੍ਰਧਾਨ ਇਸ ਨੂੰ ਆਪਣੇ ਲਈ ਸੁਰੱਖਿਅਤ ਸਮਝਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਨਾਬਾਲਗ ਮੁੰਡੇ ਦਾ ਬੇਰਿਹਮੀ ਨਾਲ ਕਤਲ, ਲਾਸ਼ ਦੇਖ ਸੁੰਨ ਰਹਿ ਗਿਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 

Gurminder Singh

This news is Content Editor Gurminder Singh