ਪੰਜਾਬ ''ਚ ਮੁੜ ਮਜ਼ਬੂਤ ਹੋਣ ਲਈ ''ਆਪ'' ਹੋਈ ਸਰਗਰਮ, ਲਿਆ ਇਹ ਫੈਸਲਾ

03/11/2018 1:20:34 PM

ਚੰਡੀਗੜ੍ਹ : ਪੰਜਾਬ ਵਿਚ ਹੋਈਆਂ ਚੋਣਾਂ 'ਚ ਮਿਲੀ ਜ਼ਬਰਦਸਤ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਸੂਬੇ ਵਿਚ 'ਖਿਲਰੇ ਤੀਲਿਆਂ' ਨੂੰ ਇਕੱਠਾ ਕਰਨ ਲਈ ਮੁੜ ਸਰਗਰਮ ਹੋ ਗਈ ਹੈ। 'ਆਪ' ਵਲੋਂ ਪੰਜਾਬ ਵਿਚ ਮੁੜ ਮਜ਼ਬੂਤ ਹੋਣ ਲਈ ਕੋਰ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਇਸ ਦੇ ਨਾਲ ਪਾਰਟੀ ਹਾਈਕਮਾਨ ਨੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਵੀ ਲਿਆ ਹੈ। ਸੂਤਰਾਂ ਅਨੁਸਾਰ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸੂਬੇ ਦੀ ਚੋਣਵੀਂ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਇਹ ਫੈਸਲੇ ਲਏ ਹਨ। ਸਿਸੋਦੀਆ ਨੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਸੂਬੇ ਦੇ ਸਹਿ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਆਪਸੀ ਸਹਿਮਤੀ ਨਾਲ ਕੋਰ ਕਮੇਟੀ ਲਈ ਆਗੂਆਂ ਦੀ ਸੂਚੀ ਭੇਜਣ ਲਈ ਕਿਹਾ ਹੈ।
ਸੂਤਰਾਂ ਮੁਤਾਬਕ ਸਿਸੋਦੀਆ ਨੇ ਪੰਜਾਬ ਲੀਡਰਸ਼ਿਪ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਲਈ ਸਿਆਸੀ ਫੈਸਲਾ ਸਥਾਨਕ ਲੀਡਰਸ਼ਿਪ ਹੀ ਕਰੇ ਜਦਕਿ ਇਸ ਵਿਚ ਦਿੱਲੀ ਇਕਾਈ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ ਪਰ ਇਸ ਸਭ ਦਰਮਿਆਨ ਸੂਬੇ ਦੇ ਹਰੇਕ ਆਗੂ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਹਾਈਕਮਾਨ ਨੂੰ ਜ਼ਰੂਰ ਹੋਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਪਾਰਟੀ ਦੀ ਬਹੁਤੀ ਲੀਡਰਸ਼ਿਪ ਇਨ੍ਹਾਂ ਤਿੰਨਾ ਮੁੱਖ ਆਗੂਆਂ ਦੇ ਇਕਸੁਰ ਨਾ ਹੋਣ ਕਾਰਨ ਚਿੰਤਾ 'ਚ ਹੈ ਅਤੇ ਇਸ ਦੀ ਪੂਰੀ ਜਾਣਕਾਰੀ ਹਾਈਕਮਾਨ ਨੂੰ ਵੀ ਹੈ।
ਇਹੀ ਵਜ੍ਹਾ ਹੈ ਕਿ ਹਾਈਕਮਾਨ ਵਲੋਂ ਪੰਜਾਬ ਵਿਚ ਕੋਰ ਕਮੇਟੀ ਗਠਨ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਪਾਰਟੀ ਦੀ ਸਾਰੀ ਕਮਾਂਡ ਇਕ-ਦੋ ਆਗੂਆਂ ਦੇ ਹੱਥਾਂ ਵਿਚ ਨਾ ਰਹੇ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਿਸੋਦੀਆ ਵਲੋਂ ਦਿੱਲੀ 'ਚ ਸੱਦੀ ਗਈ ਮੀਟਿੰਗ ਵਿਚ ਸਭ ਤੋਂ ਵੱਧ ਤਰਜੀਹ ਪੰਜ ਜ਼ੋਨ ਪ੍ਰਧਾਨਾਂ ਨੂੰ ਦਿੱਤੀ ਗਈ, ਇਨ੍ਹਾਂ ਵਿਚ ਪੰਜਾਬ ਇਕਾਈ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਮਾਝਾ, ਮਾਲਵਾ ਅਤੇ ਦੁਆਬਾ ਦੇ ਜ਼ੋਨ ਪ੍ਰਧਾਨ ਵੀ ਸ਼ਾਮਿਲ ਸਨ। ਕਿਆਸ ਲਗਾਏ ਜਾ ਰਹੇ ਹਨ ਕੋਰ ਕਮੇਟੀ ਇਨ੍ਹਾਂ ਆਗੂਆਂ 'ਤੇ ਆਧਾਰਿਤ ਬਣੇਗੀ।