ਕੈਪਟਨ ਸਰਕਾਰ ਕਿਸਾਨ ਖੁਦਕੁਸ਼ੀਆਂ ਰੋਕਣ ''ਚ ਰਹੀ ਨਾਕਾਮ : ਬਲਜਿੰਦਰ ਕੌਰ

09/20/2019 6:24:39 PM

ਜੰਡਿਆਲਾ ਗੁਰੂ (ਬੱਲ) : ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਵੱਲੋਂ ਬਿਜਲੀ ਦੇ ਵਧਾਏ ਰੇਟਾਂ ਖਿਲਾਫ ਸੂਬੇ ਭਰ 'ਚ ਬਿਜਲੀ ਅੰਦੋਲਨ ਚਲਾਇਆ ਹੈ। ਇਹ ਅੰਦੋਲਨ ਮਸਲੇ ਦੇ ਹੱਲ ਤੱਕ ਜਾਰੀ ਰਹੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਵਾਅਦੇ ਤਾਂ ਚੋਣਾਂ ਤੋਂ ਪਹਿਲਾਂ ਰਾਜ ਦੇ ਲੋਕਾਂ ਨੂੰ ਬੇਸ਼ੁਮਾਰ ਸਹੂਲਤਾਂ ਪ੍ਰਦਾਨ ਕਰਨ ਦੇ ਕੀਤੇ ਸਨ, ਜਦਕਿ ਆਲਮ ਇਹ ਹੈ ਕਿ ਸਰਕਾਰੀ ਸਹੂਲਤਾਂ ਦੀ ਘਾਟ ਕਰਕੇ ਜਨਤਾ 'ਚ ਹਾਹਾਕਾਰ ਮਚੀ ਹੋਈ ਹੈ।

ਬਲਜਿੰਦਰ ਕੌਰ ਨੇ ਅੱਜ ਆਪਣੇ ਗ੍ਰਹਿ ਪਿੰਡ ਛੱਜਲਵੱਡੀ ਵਿਖੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡਾ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਣ, ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ, ਕਿਸਾਨਾਂ ਦੀਆਂ ਆਤਮਹੱਤਿਆਵਾਂ ਰੋਕਣ ਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਸੀ। ਸੱਤਾ ਹੱਥ 'ਚ ਆਉਂਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸਭ ਮਸਲਿਆਂ ਤੋਂ ਪਾਸਾ ਵੱਟ ਗਏ ਹਨ। ਇਸ ਕਰ ਕੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਾਰੇ ਕਰਜ਼ੇ 'ਤੇ ਸਰਕਾਰ ਵਲੋਂ ਆਪਣੇ ਵਾਅਦੇ ਮੁਤਾਬਕ ਲੀਕ ਨਹੀਂ ਫੇਰੀ ਗਈ ਤੇ ਨਾ ਹੀ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲੌੜੀਂਦੇ ਉਪਰਾਲੇ ਕੀਤੇ ਗਏ ਹਨ। ਇਸ ਕਰਕੇ ਆਰਥਿਕ ਤੰਗੀਆਂ ਤੋਂ ਅੱਕ ਕੇ ਕਿਸਾਨ ਆਤਮਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ। ਬਲਜਿੰਦਰ ਕੌਰ ਨੇ ਹੋਰ ਕਿਹਾ ਕਿ ਕਾਂਗਰਸੀ 'ਤੇ ਅਕਾਲੀ ਲੀਡਰਾਂ ਨੇ ਪੰਜਾਬ ਦੇ ਸਿਆਸਤ 'ਚ ਨਿਘਾਰ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ 'ਚ ਸੱਚ ਤਲਾਸ਼ਣ ਦੀ ਬਜਾਏ ਉਕਤ ਮਸਲੇ ਨੂੰ ਤਾਰਪੀਡੋ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਅੰਦਰਖਾਤੇ ਆਪਸ 'ਚ ਮਿਲੇ ਹੋਏ ਹਨ।

Gurminder Singh

This news is Content Editor Gurminder Singh