ਆਧਾਰ ਕਾਰਡ ਬਣਵਾਉਣਾ ਬਣਿਆ ਜੀਅ ਦਾ ਜੰਜਾਲ, ਸੇਵਾ ਕੇਂਦਰਾਂ ''ਚ ਆਇਆ ਬਿਨੈਕਾਰਾਂ ਦਾ ਸੈਲਾਬ  (ਤਸਵੀਰਾਂ)

07/20/2017 7:03:21 PM

ਜਲੰਧਰ(ਅਮਿਤ)— ਸਰਕਾਰ ਵਲੋਂ ਹੌਲੀ-ਹੌਲੀ ਆਧਾਰ ਕਾਰਡ ਨੂੰ ਕਈ ਥਾਵਾਂ 'ਤੇ ਜ਼ਰੂਰੀ ਕੀਤਾ ਜਾ ਰਿਹਾ ਹੈ। ਸਰਕਾਰ ਦੇ ਹੁਕਮ ਅਨੁਸਾਰ 1 ਜੁਲਾਈ 2017 ਤੋਂ 10 ਚੀਜ਼ਾਂ ਲਈ ਆਧਾਰ ਕਾਰਡ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ। ਸਰਕਾਰ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਆਮ ਜਨਤਾ ਦਰਮਿਆਨ ਇਸ ਗੱਲ ਨੂੰ ਲੈ ਕੇ ਹੜਕੰਪ ਮਚ ਗਿਆ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਆਧਾਰ ਕਾਰਡ ਬਣਵਾਉਣ 'ਚ ਲੱਗੇ ਹੋਏ ਹਨ, ਤਾਂ ਜੋ ਇਸ ਦਾ ਲਾਭ ਉਠਾਇਆ ਜਾ ਸਕੇ ਪਰ ਆਧਾਰ ਕਾਰਡ ਬਣਵਾਉਣਾ ਜੀਅ ਦਾ ਜੰਜਾਲ ਸਾਬਤ ਹੋਣ ਲੱਗਾ ਹੈ। ਆਧਾਰ ਕਾਰਡ ਬਣਵਾਉਣ 'ਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ ਜਾਣਗੀਆਂ ਤਾਂ ਜੋ ਉਹ ਯਕੀਨੀ ਕਰਨ ਕਿ ਸਾਰੇ ਸੇਵਾ ਕੇਂਦਰਾਂ 'ਚ ਆਧਾਰ ਕਾਰਡ ਬਣਾਉਣ ਦਾ ਕੰਮ ਬਿਨਾਂ ਰੋਕ ਟੋਕ ਜਾਰੀ ਰਹਿ ਸਕੇ ਅਤੇ ਜਿੱਥੇ ਜ਼ਰੂਰੀ ਹੈ, ਉਥੇ ਨਵੀਆਂ ਮਸ਼ੀਨਾਂ ਵੀ ਇੰਸਟਾਲ ਕੀਤੀਆਂ ਜਾ ਸਕਣ।
ਪ੍ਰਸ਼ਾਸਨ ਵਲੋਂ ਕੀਤੇ ਗਏ ਇੰਤਜ਼ਾਮ ਘੱਟ, ਜਨਤਾ ਨੂੰ ਹੋ ਰਹੀ ਪਰੇਸ਼ਾਨੀ
ਸਰਕਾਰ ਨੇ ਤਾਂ ਆਧਾਰ ਕਾਰਡ ਨੂੰ ਜ਼ਰੂਰੀ ਕਰ ਦਿੱਤਾ ਹੈ ਪਰ ਲੋਕਾਂ 'ਚ ਜਾਗਰੂਕਤਾ ਦੀ ਕਮੀ ਅਤੇ ਪ੍ਰਸ਼ਾਸਨ ਵਲੋਂ ਕੀਤੇ ਗਏ ਘੱਟ ਇੰਤਜ਼ਾਮਾਂ ਕਾਰਨ ਵੀ ਲੋਕਾਂ ਨੂੰ ਆਧਾਰ ਕਾਰਡ ਬਣਵਾਉਣ ਜਾਂ ਪਹਿਲਾਂ ਬਣੇ ਕਾਰਡ 'ਚ ਕੋਈ ਸੋਧ ਕਰਵਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕਦਮ ਆਈ ਇਸ ਪਰੇਸ਼ਾਨੀ ਕਾਰਨ ਜ਼ਿਲੇ 'ਚ ਅਚਾਨਕ ਸੇਵਾ ਕੇਂਦਰਾਂ 'ਤੇ ਆਧਾਰ ਕਾਰਡ ਬਣਵਾਉਣ ਵਾਲਿਆਂ ਦੀ ਗਿਣਤੀ ਵਧ ਗਈ ਹੈ। ਮੌਜੂਦਾ ਸਮੇਂ 'ਚ ਟਾਈਪ-1 ਸੇਵਾ ਕੇਂਦਰ ਦੇ ਅੰਦਰ ਦੋ ਆਧਾਰ ਕਾਰਡ ਯੂਨਿਟ ਸਥਾਪਤ ਕਰਕੇ ਲੱਗਭਗ 50 ਟੋਕਨ ਕੱਟੇ ਜਾ ਰਹੇ ਹਨ, ਜਿਸ ਕਾਰਨ ਬਾਕੀ ਦੇ ਲੱਗਭਗ 450 ਲੋਕਾਂ ਨੂੰ ਹਤਾਸ਼ ਹੋ ਕੇ ਵਾਪਸ ਪਰਤਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਵੇਰੇ 6 ਵਜੇ ਲੋਕ ਸੇਵਾ ਕੇਂਦਰ ਤੋਂ ਬਾਹਰ ਲਾਈਨ ਲਗਾ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਟੋਕਨ ਲੈਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। 
ਨਿੱਜੀ ਸੈਂਟਰਾਂ 'ਤੇ ਕੰਮ ਹੋਇਆ ਬੰਦ, ਸਿਰਫ ਸੇਵਾ ਕੇਂਦਰਾਂ ਦਾ ਹੀ ਸਹਾਰਾ
ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਦੀ ਮੰਨੀਏ ਤਾਂ ਇਸ ਸਮੇਂ ਜਲੰਧਰ ਜ਼ਿਲੇ 'ਚ ਲੱਗਭਗ 100 ਫੀਸਦੀ ਆਧਾਰ ਕਾਰਡ ਬਣ ਚੁੱਕੇ ਹਨ ਅਤੇ ਸਿਰਫ ਉਨ੍ਹਾਂ ਲੋਕਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ ਜੋ ਇਥੇ ਨਵੇਂ ਆ ਰਹੇ ਹਨ ਜਾਂ ਫਿਰ ਜਿਨ੍ਹਾਂ ਦੇ ਕਿਸੇ ਕਾਰਨ ਰਿਜੈਕਟ ਹੋਏ ਹਨ। ਜ਼ਿਲੇ 'ਚ ਬਣੇ ਆਧਾਰ ਕਾਰਡ ਦੀ ਗਿਣਤੀ ਲੱਗਭਗ 24 ਲੱਖ 50 ਹਜ਼ਾਰ 370 ਹੈ। ਪ੍ਰਸ਼ਾਸਨ ਵਲੋਂ ਸੇਵਾ ਕੇਂਦਰਾਂ ਰਾਹੀਂ ਲੱਗਭਗ 142 ਸੈਂਟਰਾਂ 'ਤੇ ਆਧਾਰ ਕਾਰਡ ਬਣਵਾਉਣ ਜਾਂ ਸੋਧ ਕਰਵਾਉਣ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਜ਼ਿਆਦਾਤਰ ਸੇਵਾ ਕੇਂਦਰਾਂ ਦੀ ਹਾਲਤ ਕਾਫੀ ਤਰਸਯੋਗ ਹੈ ਅਤੇ ਇਥੇ ਆਧਾਰ ਕਾਰਡ ਬਣਵਾਉਣ ਵਾਲੀਆਂ ਮਸ਼ੀਨਾਂ ਖਰਾਬ ਪਈਆਂ ਹਨ ਜਾਂ ਕਿਸੇ ਹੋਰ ਕਾਰਨ ਬੰਦ ਰਹਿੰਦੀਆਂ ਹਨ। ਮੌਜੂਦਾ ਸਮੇਂ 'ਚ ਸਿਰਫ 25-26 ਸੇਵਾ ਕੇਂਦਰਾਂ 'ਚ ਹੀ ਆਧਾਰ ਕਾਰਡ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਦਕਿ ਫੂਡ ਸਪਲਾਈ ਵਿਭਾਗ ਦੇ ਅੰਕੜਿਆਂ ਦੇ ਹਿਸਾਬ ਨਾਲ ਪੂਰੇ 142 ਸੇਵਾ ਕੇਂਦਰਾਂ 'ਚ ਆਧਾਰ ਕਾਰਡ ਮਸ਼ੀਨਾਂ ਇੰਸਟਾਲ ਕੀਤੀਆਂ ਗਈਆਂ ਹਨ ਜਦਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ।
ਘੱਟੋ-ਘੱਟ 5 ਕਾਊਂਟਰਾਂ ਦੀ ਲੋੜ
ਇਕ ਆਧਾਰ ਕਾਰਡ ਕਾਊਂਟਰ 'ਤੇ ਔਸਤਨ ਰੋਜ਼ਾਨਾ 40 ਬਿਨੈਕਾਰ ਸਵੀਕਾਰ ਕੀਤੇ ਜਾਂਦੇ ਹਨ, ਇਸ ਹਿਸਾਬ ਨਾਲ ਘੱਟੋ-ਘੱਟ ਪੰਜ ਕਾਊਂਟਰਾਂ ਦੀ ਲੋੜ ਹੈ, ਕਿਉਂਕਿ ਇਸ ਤਰ੍ਹਾਂ ਰੋਜ਼ਾਨਾ ਬਿਨੈਕਾਰ ਆਧਾਰ ਕਾਰਡ ਨਾਲ ਸੰਬੰਧਤ 200 ਬਿਨੈਕਾਰ ਨਿਪਟਾਏ ਜਾ ਸਕਦੇ ਹਨ।
ਨਵੀਂਆਂ ਮਸ਼ੀਨਾਂ ਹੋਣਗੀਆਂ ਇੰਸਟਾਲ, ਨਹੀਂ ਆਉਣ ਦਿੱਤੀਆਂ ਜਾਣਗੀਆਂ ਪ੍ਰੇਸ਼ਾਨੀਆਂ : ਡੀ. ਸੀ.
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨਾਲ ਜਦ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਮ ਜਨਤਾ ਨੂੰ ਆਧਾਰ ਕਾਰਡ ਬਣਵਾਉਣ 'ਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ ਜਾਣਗੀਆਂ ਤਾਂ ਜੋ ਉਹ ਯਕੀਨੀ ਕਰਨ ਕਿ ਸਾਰੇ ਸੇਵਾ ਕੇਂਦਰਾਂ 'ਚ ਆਧਾਰ ਕਾਰਡ ਬਣਾਉਣ ਦਾ ਕੰਮ ਬਿਨਾਂ ਰੋਕ ਟੋਕ ਜਾਰੀ ਰਹਿ ਸਕੇ ਅਤੇ ਜਿੱਥੇ ਜ਼ਰੂਰੀ ਹੈ, ਉਥੇ ਨਵੀਆਂ ਮਸ਼ੀਨਾਂ ਵੀ ਇੰਸਟਾਲ ਕੀਤੀਆਂ ਜਾ ਸਕਣ।