ਅੱਜ ਦੁਪਹਿਰ 2:50 ਵਜੇ ਰਵਾਨਾ ਹੋਵੇਗੀ ਬਨਾਰਸ ਲਈ ਸਪੈਸ਼ਲ ਟਰੇਨ

01/28/2018 6:06:34 AM

ਜਲੰਧਰ, (ਗੁਲਸ਼ਨ)- ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਕਾਂਸ਼ੀ ਲਈ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਵਿਚ ਬਨਾਰਸ ਜਾਣ ਵਾਲੀ ਸਪੈਸ਼ਲ ਟਰੇਨ 28 ਜਨਵਰੀ ਨੂੰ ਦੁਪਹਿਰ 2.50 ਵਜੇ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 641ਵੀਂ ਜੈਯੰਤੀ ਮਨਾਉਣ ਲਈ 1584 ਸ਼ਰਧਾਲੂਆਂ ਨੂੰ ਲੈ ਕੇ ਸਪੈਸ਼ਲ ਟਰੇਨ 28 ਜਨਵਰੀ ਨੂੰ ਰਵਾਨਾ ਹੋ ਕੇ 29 ਜਨਵਰੀ ਨੂੰ ਸਵੇਰੇ ਬਨਾਰਸ ਪਹੁੰਚੇਗੀ।  31 ਜਨਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੈਯੰਤੀ ਸਮਾਰੋਹ ਮਨਾਉਣ ਤੋਂ ਬਾਅਦ ਵਾਪਸੀ ਲਈ ਟਰੇਨ 1 ਫਰਵਰੀ ਨੂੰ ਬਨਾਰਸ ਤੋਂ ਚਲ ਕੇ 2 ਫਰਵਰੀ ਨੂੰ ਜਲੰਧਰ ਪਹੁੰਚੇਗੀ।
ਜ਼ਿਕਰਯੋਗ ਹੈ ਕਿ ਡੇਰੇ ਵਲੋਂ ਹਰ ਸਾਲ ਸਪੈਸ਼ਲ ਟਰੇਨ ਦੀ ਬੁਕਿੰਗ ਕਰਵਾਈ ਜਾਂਦੀ ਹੈ। ਇਸ ਵਾਰ ਵੀ 40.56 ਲੱਖ 'ਚ ਟਰੇਨ ਬੁੱਕ ਕੀਤੀ ਗਈ ਹੈ। ਇਸ 'ਚ 22 ਸਲੀਪਰ ਕੋਚ ਅਤੇ ਦੋ ਐੱਸ. ਐੱਲ. ਆਰ. ਹੋਣਗੇ। ਜ਼ਿਕਰਯੋਗ ਹੈ ਕਿ ਇਸ ਸਪੈਸ਼ਲ ਟਰੇਨ ਨੂੰ ਰਵਾਨਾ ਕਰਨ ਲਈ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਸਿਟੀ ਸਟੇਸ਼ਨ ਪਹੁੰਚਦੇ ਹਨ। ਸਟੇਸ਼ਨ ਦੇ ਸਰਕੂਲੇਟਿੰਗ ਏਰੀਆ 'ਚ ਇਕ ਵੱਡਾ ਪੰਡਾਲ ਵੀ ਸਜਾਇਆ ਜਾ ਰਿਹਾ ਹੈ। ਰੇਲਵੇ ਵਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਤਾਂ ਕਿ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਵੀ ਸਟੇਸ਼ਨ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ।