85 ਗ੍ਰਾਮ ਹੈਰੋਇਨ ਸਮੇਤ ''ਤੋਤਾ'' ਗ੍ਰਿਫ਼ਤਾਰ

04/20/2018 6:09:29 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ)- ਐੱਸ.ਐੱਸ.ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਵਿਰੋਧੀ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਝਬਾਲ ਦੀ ਪੁਲਿਸ ਨੇ 85 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਮੁੱਖੀ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਿਲੀ ਸੂਚਨਾ ਅਨੁਸਾਰ ਬੀਤੀ ਸ਼ਾਮ ਏ.ਐੱਸ.ਆਈ ਹਰਸ਼ਾ ਸਿੰਘ ਦੀ ਅਗਵਾਈ 'ਚ ਪੁਲਸ ਵੱਲੋਂ ਪਿੰਡ ਖੈਰਦੀਨ ਕੇ ਸਥਿਤ ਸਮਸ਼ਾਨਘਾਟ ਦੇ ਨਜ਼ਦੀਕ ਨਾਕਾ ਲਾਇਆ ਹੋਇਆ ਸੀ ਕਿ ਇਕ ਮੋਟਰਸਾਇਕਲ 'ਤੇ ਸਵਾਰ ਵਿਅਕਤੀ ਪਿੰਡ ਠੱਠਗੜ•ਵਾਲੀ ਸਾਇਡ ਤੋਂ ਆ ਰਿਹਾ ਸੀ। ਪੁਲਸ ਦਾ ਨਾਕਾ ਲੱਗਾ ਵੇਖ ਕੇ ਉਕਤ ਵਿਅਕਤੀ ਨੇ ਆਪਣੀ ਜੇਬ 'ਚੋਂ ਇਕ ਕਾਲੇ ਰੰਗ ਦਾ ਮੋਮੀ ਲਿਫਾਫਾ ਸੜਕ ਨਜ਼ਦੀਕ ਘਾਹ ਆਦਿ 'ਚ ਸੁੱਟ ਦਿੱਤਾ ਅਤੇ ਆਪ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਮੁਲਾਜਮਾਂ ਵੱਲੋਂ ਉਸ ਨੂੰ ਕਾਬੂ ਕਰਕੇ ਜਦੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜਨ ਕਰਨ 'ਤੇ 85 ਗ੍ਰਾਮ ਪਾਇਆ ਗਿਆ। ਐੱਸ.ਐੱਚ.ਓ. ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਕੁਲਵੰਤ ਸਿੰਘ ਉਰਫ 'ਤੋਤਾ' ਪੁੱਤ ਬੀਰ ਸਿੰਘ ਵਾਸੀ ਖੈਰਦੀਨ ਕੇ ਵਜੋਂ ਹੋਈ ਹੈ, ਜਿਸ ਵਿਰੁੱਧ ਐੱਨ.ਡੀ.ਪੀ.ਐੱਸ.ਐੱਕਟ ਮੁਕਦਮਾ ਦਰਜ ਕਰਕੇ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਾਉਣ ਉਪਰੰਤ ਜੇਲ ਭੇਜ ਦਿੱਤਾ ਗਿਆ ਹੈ।