ਬਜਟ 'ਚ ਚੰਡੀਗੜ੍ਹ ਨੂੰ 6513.62 ਕਰੋੜ ਦਾ ਤੋਹਫ਼ਾ, 7150 ਕਰੋੜ ਰੁਪਏ ਦੀ ਕੀਤੀ ਸੀ ਮੰਗ

02/02/2024 11:22:36 AM

ਚੰਡੀਗੜ੍ਹ (ਹਾਂਡਾ) : ਚੰਡੀਗੜ੍ਹ ਨੂੰ ਵਿੱਤੀ ਸਾਲ 2024-25 ਲਈ ਮਿਲਣ ਵਾਲੇ ਬਜਟ 'ਚ ਪਿਛਲੇ ਵਿੱਤੀ ਸਾਲ ਦੇ ਬਜਟ ਅਨੁਮਾਨ ਦੇ ਮੁਕਾਬਲੇ 7 ਫ਼ੀਸਦੀ ਦਾ ਵਾਧਾ ਹੋਇਆ ਹੈ। ਚੰਡੀਗੜ੍ਹ ਨੂੰ ਵਿੱਤੀ ਸਾਲ 2024-25 ਦੇ ਬਜਟ ਤਹਿਤ 6513.62 ਕਰੋੜ ਰੁਪਏ ਮਿਲੇ ਹਨ। ਊਰਜਾ ਅਤੇ ਨਵਿਆਉਣਯੋਗ ਊਰਜਾ ਖੇਤਰ ਲਈ 1093.70 ਕਰੋੜ ਰੁਪਏ, ਸਿੱਖਿਆ ਲਈ 1031.98 ਕਰੋੜ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਲਈ 875.54 ਕਰੋੜ, ਪੁਲਸ ਹਾਊਸਿੰਗ ਅਤੇ ਸਹਾਇਕ ਸੇਵਾਵਾਂ ਲਈ 823.21 ਕਰੋੜ, ਸਿਹਤ ਲਈ 804.77 ਕਰੋੜ ਅਤੇ ਟਰਾਂਸਪੋਰਟ ਸੈਕਟਰ ਲਈ 455.80 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਨੂੰ 1,428.62 ਕਰੋੜ ਰੁਪਏ ਦੇ ਅਲਾਟਮੈਂਟ ਨਾਲ ਲਾਭ ਹੋਵੇਗਾ। ਕੁੱਲ ਅਲਾਟਮੈਂਟ ਪਿਛਲੇ ਸਾਲ ਦੇ ਬਜਟ ਅਨੁਮਾਨ ਨਾਲੋਂ 426.52 ਕਰੋੜ ਰੁਪਏ ਵੱਧ ਹੈ।

ਹਾਲਾਂਕਿ ਕੇਂਦਰ ਨੇ ਪੂੰਜੀ ਖ਼ਰਚ ਤਹਿਤ ਅਲਾਟਮੈਂਟ ਨੂੰ ਘਟਾ ਦਿੱਤਾ ਹੈ। 2023-24 ਵਿਚ 722 ਕਰੋੜ ਰੁਪਏ ਦੇ ਬਜਟ ਅਨੁਮਾਨ ਦੇ ਮੁਕਾਬਲੇ 2024-25 ਲਈ ਅਲਾਟਮੈਂਟ 655 ਕਰੋੜ ਰੁਪਏ ਹੈ। ਕੁੱਲ ਬਜਟ ਵਿਚੋਂ ਪ੍ਰਸ਼ਾਸਨ ਨੂੰ ਮਾਲੀਆ ਮਦ ਲਈ 5858.62 ਕਰੋੜ ਰੁਪਏ ਮਿਲੇ ਹਨ, ਜੋ ਪਿਛਲੇ ਸਾਲ ਨਾਲੋਂ 493.55 ਕਰੋੜ ਰੁਪਏ ਵੱਧ ਹੈ। ਪੂੰਜੀਗਤ ਮਦ ਤਹਿਤ ਯੂ. ਟੀ. ਨੂੰ 655 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜੋ ਕਿ 67.03 ਕਰੋੜ ਰੁਪਏ ਘੱਟ ਹੈ। ਕੈਪੀਟਲ ਹੈੱਡ ਤਹਿਤ ਫੰਡ ਵਿਕਾਸ ਕਾਰਜਾਂ ਲਈ ਹਨ, ਜਦੋਂ ਕਿ ਮਾਲੀਆ ਹੈੱਡ ਤਹਿਤ ਅਲਾਟਮੈਂਟ ਤਨਖ਼ਾਹਾਂ ਅਤੇ ਹੋਰ ਆਵਰਤੀ ਖ਼ਰਚਿਆਂ ਲਈ ਹੈ। ਪ੍ਰਸ਼ਾਸਨ ਨੇ ਕੇਂਦਰ ਤੋਂ 2024-25 ਲਈ ਬਿਜਲੀ, ਸਿੱਖਿਆ ਅਤੇ ਟਰਾਂਸਪੋਰਟ ਸਮੇਤ ਵੱਖ-ਵੱਖ ਪ੍ਰਾਜੈਕਟਾਂ ਲਈ 7,150 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਉਸ ਨੂੰ ਮੰਗ ਨਾਲੋਂ 647 ਕਰੋੜ ਰੁਪਏ ਘੱਟ ਮਿਲੇ। ਚੰਡੀਗੜ੍ਹ ਦੇ ਵਿੱਤ ਸਕੱਤਰ ਡਾ. ਵਿਜੇ ਐੱਨ. ਜਾਡੇ ਨੇ ਕਿਹਾ ਕਿ ਇਹ ਬਜਟ ਵਿਆਪਕ ਵਿਕਾਸ ਨੂੰ ਉਤਸ਼ਾਹਿਤ ਕਰਨ, ਮਹੱਤਵਪੂਰਨ ਖੇਤਰਾਂ ਨੂੰ ਸੰਬੋਧਨ ਕਰਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਨਿਵਾਸੀਆਂ ਦੀ ਸਮੁੱਚੀ ਭਲਾਈ ਨੂੰ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਕਿਸ ਖੇਤਰ ਲਈ ਕੀ ਮਿਲਿਆ

ਇਹ ਵੀ ਪੜ੍ਹੋ : PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀ ਦੇਣ ਧਿਆਨ, ਵੈੱਬਸਾਈਟ 'ਤੇ ਅਪਲੋਡ ਹੋਏ ਰੋਲ ਨੰਬਰ
ਬਿਜਲੀ ਤੇ ਨਵਿਆਉਣਯੋਗ ਊਰਜਾ 
ਬਿਜਲੀ ਦੇ ਪ੍ਰਸਾਰਨ ਅਤੇ ਵੰਡ ਦੀ ਵਿਵਸਥਾ, ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਸਰੋਤਾਂ ਨੂੰ ਉਤਸ਼ਾਹਿਤ ਕਰਨ ਅਤੇ ਬਿਜਲੀ ਵਿਭਾਗ ਦੇ ਨਿਰਮਾਣ ਕਾਰਜ ਦੀ ਵਿਵਸਥਾ ਸ਼ਾਮਲ ਹੈ।
ਸਿਹਤ ਸੇਵਾਵਾਂ 
50 ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ ਨੂੰ 250 ਬਿਸਤਰਿਆਂ ਵਾਲੇ ਹਸਪਤਾਲ 'ਚ ਅਪਗ੍ਰੇਡ ਕਰਨਾ, 50 ਬਿਸਤਰਿਆਂ ਵਾਲੇ ਪੋਲੀਕਲੀਨਿਕ ਨੂੰ ਮਜ਼ਬੂਤ ਕਰਨਾ, ਗ੍ਰਾਮੀਣ ਸਹਾਇਕ ਸਿਹਤ ਕੇਂਦਰਾਂ ਨੂੰ ਮਜ਼ਬੂਤ ਕਰਨਾ ਤੇ ਹੋਰ ਸਿਹਤ ਦੇਖਭਾਲ ਯੋਜਨਾਵਾਂ ਸ਼ਾਮਲ ਹਨ।
ਸਿੱਖਿਆ 
ਆਧੁਨਿਕੀਕਰਨ ਅਤੇ ਉਪਕਰਨਾਂ ਦੀ ਖ਼ਰੀਦ, ਐੱਨ. ਸੀ. ਸੀ. ਲਈ ਬੁਨਿਆਦੀ ਢਾਂਚੇ ਦਾ ਵਿਕਾਸ, ਸਹੂਲਤ/ਸੇਵਾਵਾਂ ਮੁਹੱਈਆ ਕਰਨਾ, ਅੰਡਰਗ੍ਰੈਜੂਏਟ ਕੋਰਸ ਅਤੇ ਆਧੁਨਿਕੀਕਰਨ ਅਤੇ ਨਵੇਂ ਪੋਲੀਟੈਕਨਿਕਾਂ ਦਾ ਨਿਰਮਾਣ, ਔਰਤਾਂ ਲਈ ਪੋਲੀਟੈਕਨਿਕ ਅਤੇ ਉਦਯੋਗਿਕ ਸਿਖਲਾਈ ਸੰਸਥਾ ਸ਼ਾਮਲ ਹੈ।
ਔਰਤਾਂ ਤੇ ਬੱਚਿਆਂ ਦੀ ਭਲਾਈ 
ਸਰਕਾਰੀ ਭਵਨਾਂ ਦੇ ਨਵੀਨੀਕਰਨ/ਨਿਰਮਾਣ, ਬਜ਼ੁਰਗਾਂ ਲਈ ਘਰ, ਘਰੋਂ ਭੱਜੇ ਜੋੜਿਆਂ ਲਈ ਰਾਖਵਾਂ ਸੈਂਟਰ, ਕੰਮਕਾਜੀ ਮਾਵਾਂ ਦੇ ਬੱਚਿਆਂ ਲਈ ਕਰੈੱਚ ਤੇ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਯੂ. ਟੀ. ਕਮਿਸ਼ਨ ਦੀ ਸਥਾਪਨਾ ਦੀ ਵਿਵਸਥਾ ਸ਼ਾਮਲ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬਿਨਾਂ ਪੈਸੇ ਖ਼ਰਚੇ ਹੀ ਦਿਖੇ Hill Station ਦੇ ਨਜ਼ਾਰੇ, ਲੋਕਾਂ ਦੀਆਂ ਲੱਗੀਆਂ ਮੌਜਾਂ (ਤਸਵੀਰਾਂ)
ਸੜਕ ਤੇ ਆਵਾਜਾਈ 
ਨਵੀਆਂ ਬੱਸਾਂ ਦੀ ਖ਼ਰੀਦ, ਖ਼ਰਾਬ ਹੋ ਚੁੱਕੀਆਂ ਬੱਸਾਂ ਨੂੰ ਬਦਲਣਾ ਅਤੇ ਬੱਸ ਸਟੈਂਡ ਨੂੰ ਅਪਗ੍ਰੇਡ ਕਰਨਾ, ਚੰਡੀਗੜ੍ਹ ਆਵਾਜਾਈ ਅਦਾਰੇ ਦਾ ਕੰਪਿਊਟਰੀਕਰਨ, ਲਿੰਕ ਰੋਡ ਦਾ ਨਿਰਮਾਣ ਅਤੇ ਇੰਟਰਸਿਟੀ ਆਵਾਜਾਈ ਲਈ ਵੀਡਿਓ ਕੋਚ ਬੱਸਾਂ ਦੀ ਖਰੀਦ ਦਾ ਪ੍ਰਬੰਧ ਸ਼ਾਮਲ ਹੈ।
ਸ਼ਹਿਰੀ ਵਿਕਾਸ 
ਜ਼ਮੀਨ ਐਕਵਾਇਰ, ਨਿਰਮਾਣ ਅਤੇ ਹੋਰ ਬੁਨਿਆਦੀ ਢਾਂਚਾ ਵਿਕਾਸ, ਜਿਸ ਵਿਚ ਸੁਖਨਾ ਝੀਲ ’ਤੇ ਡੈਮ ਦਾ ਪ੍ਰਬੰਧ ਅਤੇ ਪੂਰੇ ਸ਼ਹਿਰ ਨੂੰ 24/7 ਪਾਣੀ ਦੀ ਸਪਲਾਈ ਆਦਿ ਸ਼ਾਮਲ ਹਨ।
ਦਿਵਿਆਂਗਾਂ ਤੇ ਬਜ਼ੁਰਗਾਂ ਦੀ ਭਲਾਈ 
ਰਾਸ਼ਟਰੀ ਪਰਿਵਾਰਕ ਲਾਭ ਯੋਜਨਾ, ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਦਾ ਇਹ ਖ਼ਰਚਾ ਅਪੰਗਤਾ ਐਕਟ/ਪ੍ਰੋਗਰਾਮ ਨੂੰ ਲਾਗੂ ਕਰਨਾ, ਸਰੀਰਕ ਤੌਰ ’ਤੇ ਅਪੰਗ ਵਿਅਕਤੀਆਂ ਨੂੰ ਪੈਟਰੋਲ/ਡੀਜ਼ਲ ’ਤੇ ਸਬਸਿਡੀ, ਅੰਗਹੀਣ ਵਿਅਕਤੀਆਂ ਨੂੰ ਬੇਰੁਜ਼ਗਾਰੀ ਭੱਤਾ ਆਦਿ ’ਤੇ ਹੋਵੇਗਾ।
ਖੇਡ ਖੇਤਰ 
ਖੇਡ ਖੇਤਰ ਲਈ ਇਸ ਵਾਰ ਕੁੱਝ ਨਹੀਂ ਮਿਲਿਆ ਪਰ ਉਮੀਦ ਲਾਈ ਜਾ ਰਹੀ ਹੈ ਕਿ ਰਿਵਾਈਜ਼ਡ ਬਜਟ ਵਿਚ ਇਸ ਖੇਤਰ ਨੂੰ ਸ਼ਾਮਲ ਕੀਤਾ ਜਾਵੇਗਾ। ਬਜਟ ਵਿਚ ਇਸ ਵਾਰ ਕੋਈ ਨਵਾਂ ਟੈਕਸ ਸ਼ਾਮਲ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

Babita

This news is Content Editor Babita