ਗੈਸ ਸਿਲੰਡਰ ਧਮਾਕਾ ਹੋਣ ਨਾਲ ਦੋ ਮੰਜ਼ਿਲਾ ਮਕਾਨ ’ਚ ਪੁੱਜੀ ਅੱਗ

03/24/2021 12:49:09 AM

ਲੁਧਿਆਣਾ (ਜ.ਬ.)-ਸ਼ਿਮਲਾਪੁਰੀ ਸਥਿਤ ਮੈੜ ਦੀ ਕਾਲੋਨੀ ਗਲੀ ਨੰ. 11 ਵਿਚ ਇਕ ਘਰ ਵਿਚ ਬਣੇ ਮੰਦਰ ’ਚ ਬਲ ਰਹੀ ਜੋਤ ਅਤੇ ਧੂਫ ਕਾਰਨ ਘਰ ਨੂੰ ਅੱਗ ਲੱਗ ਗਈ। ਇਸ ਦੌਰਾਨ ਕੋਲ ਪਏ ਸਿਲੰਡਰ ਤੋਂ ਧਮਾਕਾ ਹੋਣ ਕਾਰਨ ਦੋ ਮੰਜ਼ਿਲਾ ਮਕਾਨ ’ਚ ਅੱਗ ਪੁੱਜਣ ਨਾਲ ਘਰ ’ਚ ਪਿਆ ਸਾਰਾ ਫਰਨੀਚਰ ਅਤੇ ਕੱਪੜੇ ਸੜ ਕੇ ਸੁਆਹ ਹੋ ਗਏ।


ਘਟਨਾ ਸਵੇਰੇ ਕਰੀਬ 9 ਵਜੇ ਦੀ ਹੈ, ਜਦੋਂ ਪਰਿਵਾਰਕ ਮੈਂਬਰ ਜੋਤ ਜਗਾ ਕੇ ਕਮਰਾ ਬੰਦ ਕਰ ਕੇ ਚਲੇ ਗਏ ਸਨ। ਥੋੜ੍ਹੇ ਸਮੇਂ ਬਾਅਦ ਜਦੋਂ ਉੱਪਰਲੀ ਛੱਤ ’ਤੇ ਰਹਿ ਰਹੇ ਪਰਿਵਾਰਕ ਮੈਂਬਰ ਨੂੰ ਸੜਨ ਦੀ ਬਦਬੂ ਆਉਣ ਲੱਗੀ ਤਾਂ ਦੇਖਿਆ ਕਿ ਕਮਰੇ ’ਚ ਅੱਗ ਲੱਗੀ ਹੋਈ ਸੀ ਅਤੇ ਹੌਲੀ-ਹੌਲੀ ਅੱਗ ਨੇ ਆਪਣੇ ਭਿਆਨਕ ਰੂਪ ਲੈ ਲਿਆ ਅਤੇ ਕੋਲ ਪਏ ਗੈਸ ਸਿਲੰਡਰ ਦੇ ਫਟਣ ਕਾਰਨ ਆਸ-ਪਾਸ ਦੇ ਲੋਕਾਂ ’ਚ ਭਾਜੜ ਮਚ ਗਈ। ਨਾਲ ਹੀ ਗੁਆਂਢੀਆਂ ਅਤੇ ਮੁਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਸ਼ਿਮਲਾਪੁਰੀ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਅਤੇ ਘਰ ’ਚ ਲੱਗੀ ਅੱਗ ਬੁਝਾਉਣ ਦੇ ਯਤਨ ਕਰਨ ਲੱਗੇ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ–ਖੇਡਦਾ ਪਰਿਵਾਰ, ਗੁਪਤ ਅੰਗ ’ਚ ਨਸ਼ੇ ਦਾ ਟੀਕਾ ਲਾਉਣ ਨਾਲ 19 ਸਾਲਾ ਮੁੰਡੇ ਦੀ ਮੌਤ
ਘਰ ਦੇ ਮੈਂਬਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਪਰਿਵਾਰਕ ਮੈਂਬਰ ਦਵਾਈ ਲੈਣ ਗਏ ਹੋਏ ਸਨ ਅਤੇ ਘਰ ’ਚ ਬਲ ਰਹੀ ਜੋਤ ਕਾਰਨ ਕੱਪੜਿਆਂ ਵਿਚ ਅੱਗ ਲੱਗ ਗਈ ਅਤੇ ਹੌਲੀ-ਹੌਲੀ ਅੱਗ ਭਿਆਨਕ ਹੋ ਗਈ। ਮੌਕੇ ’ਤੇ ਪੁੱਜੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਰੀਬ 2 ਘੰਟੇ ਦੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ।


ਦੱਸਿਆ ਜਾਂਦਾ ਹੈ ਕਿ ਕਮਰੇ ’ਚ ਪਏ ਸਿਲੰਡਰ ਦਾ ਧਮਾਕਾ ਹੋਣ ਕਾਰਨ ਅੱਗ ਫੈਲ ਗਈ, ਜਿਸ ਨਾਲ ਘਰ ਵਿਚ ਪਿਆ ਸਾਰਾ ਸਾਮਾਨ ਸੜ ਗਿਆ ਪਰ ਮੁਹੱਲਾ ਵਾਸੀਆਂ ਨੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦਾ ਯਤਨ ਕੀਤਾ। ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਤਾਂ ਜੋ ਅੱਗ ਲੱਗਣ ਵਾਲੀਆਂ ਚੀਜ਼ਾਂ ਨੂੰ ਘਟਨਾ ਸਥਾਨ ਤੋਂ ਦੂਰ ਕੀਤਾ ਜਾਵੇ, ਜਦੋਂਕਿ ਪੁਲਸ ਥਾਣਾ ਸ਼ਿਮਲਾਪੁਰੀ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ, ਜਿਸ ਕਾਰਨ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਫਿਰ ਵੀ ਪੁਲਸ ਨੇ ਆਪਣੇ ਵੱਲੋਂ ਅੱਗ ਲੱਗਣ ਵਾਲੇ ਸਥਾਨ ਦਾ ਜਾਇਜ਼ਾ ਲਿਆ, ਜਿਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Sunny Mehra

This news is Content Editor Sunny Mehra