ਦੀਵਾਲੀ ਤੋਂ ਕੁਝ ਘੰਟੇ ਪਹਿਲਾਂ ਚੋਰਾਂ ਨੇ ਲਾਈ ਸ਼ਰਾਬ ਦੇ ਗੋਦਾਮ ''ਚ ਸੰਨ੍ਹ

10/19/2017 5:59:36 AM

ਹੁਸ਼ਿਆਰਪੁਰ,(ਘੁੰਮਣ)- ਸ਼ਰਾਬ ਠੇਕੇਦਾਰ ਰੌਕੀ ਸਹਿਗਲ ਦੇ ਫਤਿਹਗੜ੍ਹ-ਰਹੀਮਪੁਰ ਰੋਡ 'ਤੇ ਸਥਿਤ ਐੱਲ-1 ਥੋਕ ਸ਼ਰਾਬ ਦੇ ਗੋਦਾਮ 'ਚੋਂ ਭਾਰੀ ਮਾਤਰਾ 'ਚ ਸ਼ਰਾਬ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਇੰਚਾਰਜ ਰਾਜੂ ਨੇ ਦੱਸਿਆ ਕਿ ਬੀਤੀ ਸ਼ਾਮ 6 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਖਤਮ ਕਰ ਕੇ ਗਏ ਸਨ। ਅੱਜ ਸਵੇਰੇ ਗੋਦਾਮ 'ਚ ਕੰਮ ਕਰਨ ਆਏ ਕਰਿੰਦੇ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਕਿ ਗੋਦਾਮ ਦਾ ਸ਼ਟਰ ਪੁੱਟਿਆ ਹੋਇਆ ਹੈ। ਇਸ ਸਬੰਧੀ ਉਨ੍ਹਾਂ ਗੋਦਾਮ ਦੇ ਮਾਲਕ ਨੂੰ ਸੂਚਿਤ ਕੀਤਾ।
ਚੁਣ-ਚੁਣ ਕੇ ਲਿਜਾਈ ਗਈ ਮਹਿੰਗੀ 
ਸ਼ਰਾਬ : ਗੋਦਾਮ ਦੇ ਮਾਲਕ ਰੌਕੀ ਸਹਿਗਲ ਨੇ ਦੱਸਿਆ ਕਿ ਚੋਰਾਂ ਨੇ ਗੋਦਾਮ ਦੇ ਸ਼ਟਰ ਨੂੰ ਕਿਸੇ ਜੈੱਕ ਆਦਿ ਨਾਲ ਪੁੱਟ ਕੇ ਅੰਦਰ ਦਾਖ਼ਲ ਹੋ ਕੇ ਅੰਦਰ ਪਈ ਸ਼ਰਾਬ, ਜਿਨ੍ਹਾਂ 'ਚ ਟੀਚਰ ਬ੍ਰਾਂਡ ਦੀਆਂ 22 ਪੇਟੀਆਂ, ਬਲੈਂਡਰ ਪ੍ਰਾਈਡ ਦੀਆਂ 12 ਪੇਟੀਆਂ, ਸਿਗਨੇਚਰ ਬ੍ਰਾਂਡ ਦੀਆਂ 2 ਪੇਟੀਆਂ, ਜਿਮ ਬੀਮ ਦੀਆਂ 2 ਪੇਟੀਆਂ ਤੇ ਕੁਝ ਹੋਰ ਮਹਿੰਗੇ ਬ੍ਰਾਂਡ ਦੀ ਸ਼ਰਾਬ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਚੋਰੀ ਕੀਤੀ ਗਈ ਸ਼ਰਾਬ ਦੀ ਕੀਮਤ ਲਗਭਗ 5-6 ਲੱਖ ਰੁਪਏ ਬਣਦੀ ਹੈ। ਰੌਕੀ ਸਹਿਗਲ ਅਨੁਸਾਰ ਗੋਦਾਮ 'ਚ ਕਰੀਬ 50-60 ਲੱਖ ਰੁਪਏ ਦੀ ਸ਼ਰਾਬ ਦਾ ਸਟਾਕ ਪਿਆ ਸੀ। ਜਿਸ ਹਿਸਾਬ ਨਾਲ ਚੋਰਾਂ ਨੇ ਮਹਿੰਗੇ ਬ੍ਰਾਂਡ ਦੀ ਚੋਣ ਕੀਤੀ, ਉਸ ਤੋਂ ਸੰਕੇਤ ਮਿਲਦੇ ਹਨ ਕਿ ਸ਼ਰਾਬ ਚੋਰ ਹਾਈ-ਪ੍ਰੋਫਾਈਲ ਕਿਸਮ ਦੇ ਹੋ ਸਕਦੇ ਹਨ।
ਇਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੋਰੀ ਦੀ ਇਸ ਵੱਡੀ ਘਟਨਾ ਕਾਰਨ ਸ਼ਰਾਬ ਕਾਰੋਬਾਰੀਆਂ 'ਚ ਦਹਿਸ਼ਤ ਦਾ ਮਾਹੌਲ ਹੈ।