ਪੰਜਾਬ 'ਚ ਵੀ ਬਣੇਗਾ ਸੱਚਾ ਸੌਦਾ ਸਿਰਸਾ ਵਰਗਾ ਡੇਰਾ, ਆਨਲਾਈਨ ਸਤਿਸੰਗ ਦੌਰਾਨ ਰਾਮ ਰਹੀਮ ਨੇ ਕੀਤਾ ਐਲਾਨ

10/21/2022 11:15:54 PM

ਸਿਰਸਾ : ਪੈਰੋਲ 'ਤੇ ਜੇਲ੍ਹ 'ਚੋਂ ਬਾਹਰ ਆਇਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ। ਆਨਲਾਈਨ ਨਾਮ ਚਰਚਾ ਦੌਰਾਨ ਰਾਮ ਰਹੀਮ ਨੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਵੀ ਡੇਰਾ ਸੱਚਾ ਸੌਦਾ ਸਿਰਸਾ ਵਰਗਾ ਡੇਰਾ ਬਣਾਉਣ ਦਾ ਐਲਾਨ ਕੀਤਾ। ਡੇਰਾ ਪ੍ਰਬੰਧਕਾਂ ਨੂੰ ਜਲਦ ਹੀ ਸੁਨਾਮ ਵਿੱਚ ਸਿਰਸਾ ਵਰਗਾ ਡੇਰਾ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਸਰਹਿੰਦ ਭਾਖੜਾ ਨਹਿਰ 'ਚੋਂ ਵੱਡੀ ਗਿਣਤੀ 'ਚ ਮਿਲੇ ਰਾਕੇਟ ਲਾਂਚਰ! ਡੂੰਘੀ ਸਾਜ਼ਿਸ਼ ਦਾ ਖਦਸ਼ਾ

ਦਰਅਸਲ, ਆਨਲਾਈਨ ਨਾਮ ਚਰਚਾ ਦੌਰਾਨ ਡੇਰਾ ਪ੍ਰੇਮੀਆਂ ਨੇ ਰਾਮ ਰਹੀਮ ਦੇ ਸਾਹਮਣੇ ਸੁਨਾਮ ਨਾਮ ਚਰਚਾ ਘਰ ਨੂੰ ਡੇਰੇ ਵਿੱਚ ਤਬਦੀਲ ਕਰਨ ਦੀ ਇੱਛਾ ਪ੍ਰਗਟਾਈ ਸੀ। ਇਸ 'ਤੇ ਰਾਮ ਰਹੀਮ ਨੇ ਹਾਮੀ ਭਰੀ ਅਤੇ ਐਡਮਿਨ ਬਲਾਕ ਦੇ ਜ਼ਿੰਮੇਵਾਰਾਂ ਨੂੰ ਹੁਕਮ ਜਾਰੀ ਕਰ ਦਿੱਤਾ। ਰਾਮ ਰਹੀਮ ਨੇ ਪ੍ਰੇਮੀਆਂ ਤੋਂ ਪੁੱਛਿਆ ਸੀ ਕਿ ਕੀ ਇੱਥੇ ਡੇਰਾ ਬਣਾਉਣ ਲਈ ਕੀ ਜਗ੍ਹਾ ਹੈ? ਇਸ 'ਤੇ ਪ੍ਰੇਮੀਆਂ ਨੇ ਕਿਹਾ ਕਿ ਉਹ ਨਾਮ ਚਰਚਾ ਘਰ ਦੇ ਆਲੇ-ਦੁਆਲੇ ਜ਼ਮੀਨ ਖਰੀਦ ਲੈਣਗੇ। ਰਾਮ ਰਹੀਮ ਨੇ ਇਸ 'ਤੇ ਸਹਿਮਤੀ ਦੇ ਦਿੱਤੀ।

ਇਹ ਵੀ ਪੜ੍ਹੋ : ਬਿਜਲੀ ਵਿਭਾਗ ਦੀ ਵੱਡੀ ਕਾਰਵਾਈ: ਫਿਲੌਰ ਦੇ MLA, SDM ਦਫ਼ਤਰ ਤੇ ਸੁਵਿਧਾ ਕੇਂਦਰਾਂ ਸਣੇ ਕੱਟੇ ਕਈਆਂ ਦੇ ਕੁਨੈਕਸ਼ਨ

ਜ਼ਿਕਰਯੋਗ ਹੈ ਕਿ ਰਾਮ ਰਹੀਮ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ। ਰਾਮ ਰਹੀਮ ਦੇ ਪੈਰੋਲ 'ਤੇ ਬਾਹਰ ਆਉਣ ਦਾ ਸਮਾਂ ਇਕ ਵਾਰ ਫਿਰ ਇਲਾਕੇ 'ਚ ਕੁਝ ਚੋਣਾਂ ਦੀਆਂ ਤਾਰੀਖ਼ਾਂ ਨਾਲ ਮੇਲ ਖਾ ਰਿਹਾ ਹੈ। ਇਸ ਸਾਲ ਇਹ ਤੀਜੀ ਉਦਾਹਰਣ ਹੈ। ਹਰਿਆਣਾ 'ਚ ਅਗਲੇ ਮਹੀਨੇ ਪੰਚਾਇਤ ਚੋਣਾਂ ਅਤੇ ਆਦਮਪੁਰ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਹੋਣੀ ਹੈ। ਡੇਰਾ ਮੁਖੀ 2 ਸਾਧਵੀਆਂ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਹ ਹਰਿਆਣਾ 'ਚ 46 ਨਗਰ ਪਾਲਿਕਾਵਾਂ ਦੀਆਂ ਚੋਣਾਂ ਤੋਂ ਪਹਿਲਾਂ ਜੂਨ 'ਚ ਇਕ ਮਹੀਨੇ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਡੇਰਾ ਮੁਖੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕਰੀਬ 2 ਹਫ਼ਤੇ ਪਹਿਲਾਂ 7 ਫਰਵਰੀ ਤੋਂ 3 ਹਫ਼ਤਿਆਂ ਦੀ ਛੁੱਟੀ ਦਿੱਤੀ ਗਈ ਸੀ। ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਵੱਡੀ ਗਿਣਤੀ 'ਚ ਸਿਰਸਾ ਡੇਰੇ ਦੇ ਸਮਰਥਕ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh