23 ਕਰੋੜ ਰੁਪਏ ਦੇ ਕਰਜ਼ੇ ''ਚ ਡੁੱਬੀ ਫਿਰੋਜ਼ਪੁਰ ਦੀ ''ਏ-ਸ਼੍ਰੇਣੀ'' ਨਗਰ ਕੌਂਸਲ

01/15/2018 2:54:34 AM

ਫ਼ਿਰੋਜ਼ਪੁਰ, (ਕੁਮਾਰ)— ਫਿਰੋਜ਼ਪੁਰ ਸ਼ਹੀਦਾਂ ਦੀਆਂ ਯਾਦਗਾਰਾਂ ਅਤੇ ਸਮਾਰਕਾਂ ਵਾਲਾ ਇਤਿਹਾਸਕ ਸ਼ਹਿਰ ਹੈ, ਜਿਸਦੀ ਨਗਰ ਕੌਂਸਲ ਨੂੰ 'ਏ-ਸ਼੍ਰੇਣੀ' ਦਾ ਦਰਜਾ ਦਿੱਤਾ ਗਿਆ ਹੈ। ਕਰੀਬ 23 ਕਰੋੜ ਰੁਪਏ ਦੇ ਕਰਜ਼ੇ ਵਿਚ ਡੁੱਬੀ ਫਿਰੋਜ਼ਪੁਰ ਸ਼ਹਿਰ ਦੀ ਨਗਰ ਕੌਂਸਲ ਦੀ ਹਾਲਤ ਵੀ ਪੰਜਾਬ ਸਰਕਾਰ ਵਾਲੀ ਹੈ। ਸਰਕਾਰਾਂ ਬਦਲਣ ਦੇ ਨਾਲ-ਨਾਲ ਪੰਜਾਬ ਸਰਕਾਰ ਸਿਰ ਚੜ੍ਹਿਆ ਕਰਜ਼ਾ ਵੀ ਵਧਦਾ ਜਾ ਰਿਹਾ ਹੈ। ਠੀਕ ਇਸੇ ਤਰ੍ਹਾਂ ਨਗਰ ਕੌਂਸਲ ਫਿਰੋਜ਼ਪੁਰ ਸਿਰ ਚੜ੍ਹਿਆ ਕਰਜ਼ਾ ਵੀ ਆ ਏ ਸਾਲ ਵਧਦਾ ਚਲਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟਰੀਟ ਲਾਈਟਾਂ, ਵਾਟਰ ਟਿਊਬਵੈੱਲ, ਵਾਟਰ ਸਪਲਾਈ, ਸਵੀਰੇਜ ਬੋਰਡ, ਸੇਵਾਮੁਕਤ ਕਰਮਚਾਰੀਆਂ ਦੀਆਂ ਪੈਨਸ਼ਨਾਂ ਤੇ ਗ੍ਰੈਚੁਟੀ ਆਦਿ ਦਾ ਨਗਰ ਕੌਂਸਲ 'ਤੇ ਕਰੋੜਾਂ ਰੁਪਏ ਦੀਆਂ ਦੇਣਦਾਰੀਆਂ ਦਾ ਬੋਝ ਹੈ। 
ਨਗਰ ਕੌਂਸਲ ਦੇ ਕਰਮਚਾਰੀਆਂ ਨੂੰ 3 ਮਹੀਨਿਆਂ ਦੀ ਤਨਖਾਹ ਦਿਵਾਈ 
ਆਰਥਿਕ ਤੰਗੀ ਕਾਰਨ ਫਿਰੋਜ਼ਪੁਰ ਸ਼ਹਿਰ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ 5 ਮਹੀਨਿਆਂ ਤਕ ਤਨਖਾਹ ਨਹੀਂ ਮਿਲੀ ਸੀ, ਜਿਸ ਕਾਰਨ ਨਗਰ ਕੌਂਸਲ ਦੇ ਕਰਮਚਾਰੀਆਂ ਵਿਚ ਰੋਸ ਵਧਦਾ ਗਿਆ। ਸਿੱਟੇ ਵਜੋਂ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਪਰਮਿੰਦਰ ਸਿੰਘ ਸੁਖੀਜਾ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਿੰਨ ਮਹੀਨਿਆਂ ਦੀ ਤਨਖਾਹ ਦਿਵਾਈ ਜਦਕਿ ਅਜੇ ਵੀ 2 ਮਹੀਨਿਆਂ ਦੀ ਤਨਖਾਹ ਮਿਲਣੀ ਬਾਕੀ ਹੈ। 
ਮਾਲ ਰੋਡ ਦੇ ਖੱਡਿਆਂ ਨੂੰ ਭਰਨ ਲਈ ਕੀ ਕਮੇਟੀ ਕੋਲ 20 ਹਜ਼ਾਰ ਰੁਪਏ ਵੀ ਨਹੀਂ ਹਨ? 
ਸੇਵਾਮੁਕਤ ਪ੍ਰਿੰਸੀਪਲ, ਲਾਇਨਜ਼ ਕਲੱਬ ਦੇ ਅਹੁਦੇਦਾਰ ਅਤੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧ ਐੱਸ. ਪੀ. ਆਨੰਦ ਨੇ ਸ਼ਹਿਰ ਦੀ ਮਾਲ ਰੋਡ 'ਤੇ ਪਏ ਖੱਡਿਆਂ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਕਿਹਾ ਕਿ ਇਨ੍ਹਾਂ ਖੱਡਿਆਂ ਨੂੰ ਭਰਨ ਵੱਲ ਨਗਰ ਕੌਂਸਲ ਦਾ ਧਿਆਨ ਨਹੀਂ ਹੈ, ਜਦਕਿ ਆਰਜ਼ੀ ਤੌਰ 'ਤੇ ਇਨ੍ਹਾਂ ਖੱਡਿਆਂ ਨੂੰ ਭਰਨ 'ਤੇ ਜ਼ਿਆਦਾ ਤੋਂ ਜ਼ਿਆਦਾ 20 ਹਜ਼ਾਰ ਰੁਪਏ ਖਰਚ ਹੋਣੇ ਹਨ। ਕੀ ਇਨ੍ਹਾਂ ਖੱਡਿਆਂ ਨੂੰ ਭਰਨ ਲਈ ਨਗਰ ਕੌਂਸਲ ਕੋਲ 20 ਹਜ਼ਾਰ ਰੁਪਏ ਵੀ ਨਹੀਂ ਹਨ? ਪ੍ਰਿੰਸੀਪਲ ਆਨੰਦ ਨੇ ਕਿਹਾ ਕਿ ਜਦੋਂ ਵੀ ਪੁੱਛੋ ਤਾਂ ਅਧਿਕਾਰੀਆਂ ਕੋਲ ਇਕ ਹੀ ਜਵਾਬ ਹੁੰਦਾ ਹੈ ਕਿ ਹੁਣ ਲੁੱਕ ਦੇ ਪਲਾਂਟ ਬੰਦ ਹਨ ਅਤੇ ਜਦੋਂ ਚੱਲਣਗੇ ਉਦੋਂ ਇਹ ਖੱਡੇ ਭਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਲੁੱਕ ਦੇ ਪਲਾਂਟ ਬੰਦ ਹਨ, ਉਦੋਂ ਤਕ ਇਨ੍ਹਾਂ ਖੱਡਿਆਂ ਨੂੰ ਆਰਜ਼ੀ ਤੌਰ 'ਤੇ ਭਰਿਆ ਜਾ ਸਕਦਾ ਹੈ। ਇਨ੍ਹਾਂ ਖੱਡਿਆਂ ਵਿਚ ਸਾਰਾ ਦਿਨ ਵਾਹਨ ਚਾਲਕ ਡਿੱਗਦੇ ਰਹਿੰਦੇ ਹਨ ਤੇ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਤੁਰੰਤ ਇਨ੍ਹਾਂ ਖੱਡਿਆਂ ਨੂੰ ਭਰਿਆ ਜਾਵੇ। 
ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਲਈ ਪਖਾਨੇ ਨਹੀਂ 
ਐੱਨ. ਜੀ. ਓ. ਜਿੰਮੀ ਮਨਚੰਦਾ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਵਿਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਲਈ ਪਖਾਨੇ ਨਹੀਂ ਹਨ। ਜੋ ਪਖਾਨਾ ਬਣਿਆ ਹੋਇਆ ਸੀ, ਉਸਦੀ ਹਾਲਤ ਖਸਤਾ ਹੋਣ ਅਤੇ ਛੱਤ ਡਿੱਗਣ ਕਾਰਨ ਬੰਦ ਕੀਤਾ ਗਿਆ ਹੈ। ਇਕ ਪਾਸੇ ਪ੍ਰਧਾਨ ਮੰਤਰੀ ਖੁੱਲ੍ਹੇ ਵਿਚ ਸ਼ੌਚ ਜਾਣ ਨੂੰ ਮਨ੍ਹਾ ਕਰਦਿਆਂ ਜਗ੍ਹਾ-ਜਗ੍ਹਾ ਲੋਕਾਂ ਨੂੰ ਪਖਾਨੇ ਬਣਵਾਉਣ ਲਈ ਪ੍ਰੇਰਿਤ ਕਰਦੇ ਹਨ ਅਤੇ ਦੂਸਰੇ ਪਾਸੇ ਉਨ੍ਹਾਂ ਦੇ ਸਰਕਾਰੀ ਦਫਤਰਾਂ ਵਿਚ ਪਖਾਨੇ ਨਹੀਂ ਹਨ। ਉਨ੍ਹਾਂ ਕਿਹਾ ਕਿ ਤੁਰੰਤ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਲਈ ਪਖਾਨੇ ਬਣਵਾਏ ਜਾਣ।