ਘਰ ''ਚ ਦਾਖਲ ਹੋ ਕੇ ਚੋਰੀ ਕਰਨ ਅਤੇ ਔਰਤਾਂ ਨੂੰ ਧਮਕਾਉਣ ਦੇ ਦੋਸ਼ ''ਚ ਬਾਬੇ ਤੇ ਉਸਦੇ ਸਾਥੀਆਂ ਖਿਲਾਫ ਕੇਸ ਦਰਜ

09/16/2017 1:40:42 PM


ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪਿੰਡ ਚੀਮਾ ਕਲਾਂ ਦੇ ਬਾਬੇ ਦਿਲਬਾਗ ਸਿੰਘ ਸਮੇਤ ਉਸਦੇ 7ਸਾਥੀਆਂ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਇਕ ਔਰਤ ਨੂੰ ਉਸਦੇ ਘਰ 'ਚ ਦਾਖਲ ਹੋ ਕੇ ਧਮਕਾਉਣ ਅਤੇ ਸਮਾਨ ਚੋਰੀ ਕਰਨ ਦੇ ਦੋਸ਼ਾਂ ਤਹਿਤ ਨਾਮਜ਼ਦ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਜਾਣਕਾਰੀ ਮਿਲੀ ਹੈ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਪਿੰਡ ਚੀਮਾ ਕਲਾਂ ਵਾਸੀ ਸਵ. ਕੁਲਵਿੰਦਰ ਸਿੰਘ ਦੀ ਵਿਧਵਾ ਸੁਖਰਾਜ ਕੌਰ ਨੇ ਦੱਸਿਆ ਕਿ ਬਾਬਾ ਦਿਲਬਾਗ ਸਿੰਘ ਜੋ ਉਨ੍ਹਾਂ ਦੇ ਘਰ ਨੇੜੇ ਗਊਸ਼ਾਲਾ ਚਲਾਂਉਦਾ ਹੈ, ਨਿੱਜੀ ਰੰਜਿਸ਼ ਰੱਖਦਾ ਹੈ। ਔਰਤ ਨੇ ਦੱਸਿਆ ਕਿ ਬੀਤੀ 9 ਸਤੰਬਰ ਨੂੰ ਜਦੋਂ ਉਹ ਅਤੇ ਉਸਦੀਆਂ ਲੜਕੀਆਂ ਘਰ 'ਚ ਸਨ ਤਾਂ ਬਾਬਾ ਦਿਲਬਾਗ ਸਿੰਘ ਨੇ ਦੋ ਦਰਜਨ ਤੋਂ ਵੱਧ ਆਪਣੇ ਹਥਿਆਰਬੰਦ ਸਮਰਥਕਾਂ ਸਮੇਤ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਘਰ ਦੀਆਂ ਕੰਧਾਂ ਢਾਹ ਸੁੱਟੀਆਂ, ਘਰ ਦੇ ਵਿਹੜੇ 'ਚ ਪਈ 2000 ਦੇ ਕਰੀਬ ਇੱਟ, ਦੋ ਕੁਆਂਟਿਲ ਸਰੀਆ, ਇਕ ਮੋਟਰ ਸਮਰਸੀਬਲ 10 ਹਾਰਸ ਪਾਵਰ, ਸਟਾਟਰ ਅਤੇ ਟਰੈਕਟਰ ਟਰਾਲੀ ਚੋਰੀ ਕਰਕੇ ਲੈ ਗਏ, ਜਾਂਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਿ ਜੇਕਰ ਕਿਸੇ ਨੇ ਪੁਲਸ ਨੂੰ ਸੂਚਨਾ ਦੇਣ 'ਤੇ ਇਸਦਾ ਹਸਰ ਬਹੁਤ ਬੁਰਾ ਹੋਵੇਗਾ। 

ਥਾਣਾ ਮੁੱਖੀ ਸਰਾਏ ਅਮਾਨਤ ਖਾਂ ਇੰ. ਕਿਰਪਾਲ ਸਿੰਘ ਦਾ ਕਿਹਾ ਕਿ ਔਰਤ ਸੁਖਰਾਜ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਅਤੇ ਮੌਕਾ-ਏ-ਵਾਰਦਾਤ 'ਤੇ ਕੀਤੀ ਤਫਤੀਸ ਤੋਂ ਬਾਅਦ ਦਿਲਬਾਗ ਸਿੰਘ (ਬਾਬਾ) ਪੁੱਤਰ ਦਾਰਾ ਸਿੰਘ, ਮਨਪ੍ਰੀਤ ਸਿੰਘ ਪੁੱਤਰ ਦਾਰਾ ਸਿੰਘ, ਸਹਿਬ ਸਿੰਘ ਪੁੱਤਰ ਦਾਰਾ, ਬਲਵਿੰਦਰ ਸਿੰਘ ਪੁੱਤਰ ਨਰਿੰਜਣ ਸਿੰਘ, ਸਤਨਾਮ ਸਿੰਘ ਪੁੱਤਰ ਸਾਹਬ ਸਿੰਘ, ਰਾਜਵਿੰਦਰ ਸਿੰਘ ਪੁੱਤਰ ਸਾਹਿਬ ਸਿੰਘ, ਹਰਪਾਲ ਸਿੰਘ ਪੁੱਤਰ ਦੇਸਾ ਸਿੰਘ ਅਤੇ ਆਸ਼ੂ ਮੋਗੀਆ ਖਿਲਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 

ਕੀ ਕਹਿਣੈ ਬਾਬਾ ਦਿਲਬਾਗ ਸਿੰਘ ਦਾ
ਬਾਬਾ ਦਿਲਬਾਗ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਿਆਸੀ ਰੰਜ਼ਿਸ ਤਹਿਤ ਕੁਝ ਲੋਕ ਉਸਨੂੰ ਝੂਠੇ ਕੇਸਾਂ 'ਚ ਫਸਾਉਣ ਦਾ ਯਤਨ ਕਰ ਰਹੇ ਹਨ। ਜੇਕਰ ਪੁਲਸ ਨੇ ਉਸਦੇ ਅਤੇ ਉਸਦੇ ਸਾਥੀਆਂ ਖਿਲਾਫ ਦਰਜ ਕੇਸ ਨੂੰ ਰੱਦ ਨਾ ਕੀਤਾ ਤਾਂ ਉਹ ਪੁਲਸ ਵਿਰੁੱਧ ਵੱਡਾ ਸੰਘਰਸ਼ ਵਿੱਢਣਗੇ।