ਵਪਾਰੀ ਤੋਂ 3 ਲੱਖ ਦੀ ਖੋਹ ਕਰਨ ਉਪਰੰਤ ਕਿਸੇ ਨੇ ਨਹੀਂ ਲਈ ਉਸ ਦੀ ਸਾਰ!

11/23/2017 10:41:34 AM

ਪਟਿਆਲਾ (ਰਾਜੇਸ਼)-ਪਿਛਲੇ ਦਿਨੀਂ ਪਟਿਆਲਾ ਦੇ ਮੋਦੀ ਕਾਲਜ ਕੋਲ ਸਕੂਟਰੀ 'ਤੇ ਸਵਾਰ ਬਜ਼ੁਰਗ ਵਪਾਰੀ 'ਤੇ ਹਮਲਾ ਕਰ ਕੇ ਮੋਟਰਸਾਈਕਲ ਸਵਾਰ ਨੌਜਵਾਨ ਉਸ ਦੀ ਸਕੂਟਰੀ ਸਮੇਤ 3 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ ਸਨ। ਇਸ ਘਟਨਾ ਦੇ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਦੇ ਹੱਥ ਖ਼ਾਲੀ ਹਨ। ਘਟਨਾ ਪਿੱਛੋਂ ਪੀੜਤ ਧਰਮਪਾਲ ਸਿੰਘ ਨੂੰ ਡਾਕਟਰੀ ਇਲਾਜ ਤੋਂ ਬਾਅਦ ਘਰ ਲਿਆਂਦਾ ਗਿਆ। ਘਰ ਪਹੁੰਚਣ 'ਤੇ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਤੇ ਭਾਜਪਾ ਆਗੂ ਡਾ. ਭਾਈ ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਪਹੁੰਚ ਕੇ ਪੀੜਤ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਤੇ ਡਾ. ਭਾਈ ਪਰਮਜੀਤ ਸਿੰਘ ਵੱਲੋਂ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪੀੜਤ ਧਰਮਪਾਲ ਸਿੰਘ ਨੇ ਦੋਵਾਂ ਆਗੂਆਂ ਨੂੰ ਦੱਸਿਆ ਕਿ ਘਟਨਾ ਦੇ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਦੇ ਹੱਥ ਕੁੱਝ ਨਹੀਂ ਲੱਗ ਸਕਿਆ। ਪ੍ਰਧਾਨ ਗੁਪਤਾ ਅਤੇ ਡਾ. ਪਰਮਜੀਤ ਸਿੰਘ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਪੁਲਸ ਅਧਿਕਾਰੀਆਂ ਨਾਲ ਗੱਲ ਕਰ ਕੇ ਇਸ ਕਾਰਵਾਈ ਨੂੰ ਜਲਦ ਕਰਨ ਲਈ ਕਹਿਣਗੇ। ਦੋਵਾਂ ਆਗੂਆਂ ਨੇ ਕਿਹਾ ਕਿ ਪੁਲਸ ਕੁਤਾਹੀ ਦੀ ਸ਼ਿਵ ਸੈਨਾ ਹਿੰਦੁਸਤਾਨ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੀ ਹੈ। ਮੰਗ ਕਰਦੀ ਹੈ ਕਿ ਸੂਬੇ 'ਚ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਖ਼ਤਾ ਕਦਮ ਚੁੱਕੇ ਜਾਣ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਮੀਤ ਪ੍ਰਧਾਨ ਰਵਿੰਦਰ ਸਿੰਗਲਾ ਤੇ ਜ਼ਿਲਾ ਪ੍ਰਧਾਨ ਸ਼ਮਾਕਾਂਤ ਪਾਂਡੇ ਵੀ ਹਾਜ਼ਰ ਸਨ।