ਕਾਰ ਖੋਹਣ ਦੀ ਝੂਠੀ ਸੂਚਨਾ ਦੇਣ ਦਾ ਮਾਮਲਾ ਪੁਲਸ ਨੇ 2 ਘੰਟਿਆਂ ''ਚ ਸੁਲਝਾਇਆ

09/05/2017 11:53:21 AM


ਮਲੋਟ(ਜੁਨੇਜਾ) - ਮਲੋਟ ਦੀ ਸਿਟੀ ਪੁਲਸ ਦੇ ਮੁੱਖ ਅਫਸਰ ਇੰਸਪੈਕਟਰ ਬੂਟਾ ਸਿੰਘ ਨੇ ਸੂਝ-ਬੂਝ ਸਦਕਾ ਪੁਲਸ ਨੇ ਕੌਮੀ ਸ਼ਾਹ ਮਾਰਗ 'ਤੇ ਕਾਰ ਖੋਹਣ ਦੀ ਕੰਟਰੋਲ ਰੂਮ ਨੂੰ ਦਿੱਤੀ ਝੂਠੀ ਸੂਚਨਾ ਸਬੰੰਧੀ ਮਾਮਲੇ ਨੂੰ ਨਾ ਸਿਰਫ 2 ਘੰਟਿਆਂ ਵਿਚ ਹੱਲ ਕਰ ਦਿੱਤਾ, ਸਗੋਂ ਮਾਮਲੇ ਲਈ ਜ਼ਿੰਮੇਵਾਰ 3 ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਬੂਟਾ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਏਕਤਾ ਨਗਰ ਮਲੋਟ ਜੋ ਕਾਰ ਬਾਜ਼ਾਰ ਦਾ ਕੰਮ ਕਰਦਾ ਹੈ, ਨੇ 100 ਨੰਬਰ 'ਤੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਕਿ ਕੁਝ ਵਿਅਕਤੀਆਂ ਨੇ ਸਥਾਨਕ ਪੈਲੇਸ ਕੋਲ ਉਸ ਤੋਂ ਜਬਰੀ ਕਾਰ ਖੋਹ ਲਈ। ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਸ ਪੁੱਜ ਗਈ। ਪੁਲਸ ਅਧਿਕਾਰੀ ਵੱਲੋਂ ਕੀਤੀ ਗਈ ਪੁੱਛਗਿੱਛ ਅਤੇ ਪੜਤਾਲ ਤੋਂ ਬਾਅਦ ਨਵੀਂ ਕਹਾਣੀ ਸਾਹਮਣੇ ਆਈ, ਜਿਸ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ, ਰੋਬਿਨਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਜਸਮੀਤ ਸਿੰਘ ਪੁੱਤਰ ਹਰਪਾਲ ਸਿੰਘ ਰਲ ਕੇ ਕਾਰ ਬਾਜ਼ਾਰ ਦਾ ਕੰਮ ਕਰਦੇ ਹਨ। 

ਪੁਲਸ ਅਨੁਸਾਰ ਰੋਬਿਨਜੀਤ ਅਤੇ ਜਸਮੀਤ ਨੇ ਹਰਪ੍ਰੀਤ ਤੋਂ ਪੈਸੇ ਲੈਣੇ ਹਨ। ਤਾਜ਼ਾ ਮਾਮਲੇ ਵਿਚ ਹਰਪ੍ਰੀਤ ਸਿੰਘ ਕਾਰ ਸਰਵਿਸ ਸਟੇਸ਼ਨ 'ਤੇ ਭੇਜਣ ਦਾ ਕਹਿ ਕੇ ਚਲਾ ਗਿਆ। ਰੋਬਿਨਜੀਤ ਅਤੇ ਜਸਮੀਤ ਸਰਵਿਸ ਵਾਲੇ ਤੋਂ ਜਬਰੀ ਖੋਹ ਕੇ ਕਾਰ ਲੈ ਗਏ, ਜਿਸ ਤੋਂ ਬਾਅਦ ਹਰਪ੍ਰੀਤ ਨੇ ਕੰਟਰੋਲ ਰੂਮ 'ਤੇ ਕੌਮੀ ਸ਼ਾਹ ਮਾਰਗ 'ਤੇ ਕਾਰ ਖੋਹਣ ਦੀ ਝੂਠੀ ਸੂਚਨਾ ਦਿੱਤੀ।ਇੰਸਪੈਕਟਰ ਬੂਟਾ ਸਿੰਘ ਨੇ ਦੱਸਿਆ ਕਿ ਬੇਸ਼ੱਕ ਦੋਵਾਂ ਦਾ ਆਪਸ 'ਚ ਪੈਸਿਆਂ ਦੇ ਲੈਣ-ਦੇਣ ਦਾ ਰੌਲਾ ਸੀ ਪਰ ਹਰਪ੍ਰੀਤ ਸਿੰਘ ਵੱਲੋਂ ਕਾਰ ਖੋਹਣ ਦੀ ਝੂਠੀ ਸੂਚਨਾ ਦਿੱਤੀ ਗਈ ਹੈ, ਜਦਕਿ ਰੋਬਿਨ ਅਤੇ ਜਸਮੀਤ ਵੱਲੋਂ ਜ਼ਬਰਦਸਤੀ ਕਾਰ ਲੈ ਕੇ ਜਾਣਾ ਗੈਰਕਨੂੰਨੀ ਹੈ। ਪੁਲਸ ਨੇ ਇਸ ਸਬੰਧੀ ਤਿੰਨਾਂ ਨੂੰ ਕਾਬੂ ਕਰ ਕੇ ਕਾਰ ਬਰਾਮਦ ਕਰ ਲਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।