ਗਿਰੋਹ ਦੇ ਦੋ ਮੈਂਬਰਾਂ ਵਿਰੁੱਧ ਮਾਮਲਾ ਦਰਜ, ਪੁਲਸ ਨੇ ਇਕ ਨੂੰ ਮੋਟਰਸਾਇਕਲ ਸਮੇਤ ਕੀਤਾ ਕਾਬੂ

08/04/2020 1:19:34 PM

ਭਵਾਨੀਗੜ੍ਹ(ਕਾਂਸਲ) - ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਰਮਨਦੀਪ ਸਿੰਘ ਅਤੇ ਪੁਲਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ ਸਬ ਇੰਸਪੈਕਟਰ ਰਾਜਵੰਤ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਲੁੱਟਾਂ-ਖੋਹਾਂ ਦੀਆਂ ਘਟਨਾਂਵਾਂ ਨੂੰ ਅੰਜਾਮ ਦੇਣ ਵਾਲੇ ਝਪਟ ਮਾਰ ਗਿਰੋਹ ਦੇ ਦੋ ਮੈਬਰਾਂ ਵਿਰੁੱਧ ਮਾਮਲਾ ਦਰਜ ਕਰਕੇ ਇਕ ਨੂੰ ਮੋਟਰਸਾਇਕਲ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ ਸਬ ਇੰਸਪੈਕਟਰ ਰਾਜਵੰਤ ਕੁਮਾਰ ਨੇ ਦੱਸਿਆ ਕਿ ਚੈਕ ਪੋਸਟ ਦੇ ਸਹਾਇਕ ਸਬ ਇੰਸਪੈਕਟਰ ਗੁਰਤੇਜ ਸਿੰਘ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਲੋਕਾਂ , ਖਾਸ ਕਰ ਔਰਤਾਂ ਦੀ ਸੁਰੱਖਿਆਂ ਲਈ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਇਲਾਕੇ ’ਚ ਲੁੱਟਾਂ ਖੋਹਾਂ ਦੀਆਂ ਘਟਨਾਂ ਨੂੰ ਅੰਜ਼ਾਮ ਦੇਣ ਵਾਲੇ ਝਪਟ ਮਾਰ ਗਿਰੋਹ ਦੇ ਮੈਂਬਰ ਬੇਖੋਫ ਘੁੰਮ ਰਹੇ ਹਨ। ਜਿਸ ਦੇ ਅਧਾਰ ’ਤੇ ਪੁਲਸ ਨੇ ਤੁਰੰਤ ਪਿੰਡ ਝਨੇੜੀ ਦੇ ਬੱਸ ਅੱਡੇ ਉਪਰ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ। ਇਸ ਦੌਰਾਨ ਪੁਲਸ ਦੀ ਚੈਕਿੰਗ ਦੇਖ ਕੇ ਅਚਾਨਕ ਪਿਛੇ ਮੁੜਣ ਦੀ ਕੋਸ਼ਿਸ਼ ਕਰਨ ਲੱਗੇ ਇਕ ਮੋਟਰਸਾਇਕਲ ਚਾਲਕ ਨੂੰ ਪੁਲਸ ਨੇ ਰੋਕ ਕੇ ਜਦੋਂ ਸ਼ੱਕ ਦੇ ਅਧਾਰ ’ਤੇ ਉਸ ਦੀ ਤਲਾਸ਼ੀ ਲਈ ਤਾਂ ਇਸ ਦੇ ਕਬਜੇ ’ਚੋਂ ਪੁਲਸ ਪਾਰਟੀ ਨੂੰ ਇਕ ਪਲਾਸਕਿਟ ਦਾ ਝੋਲਾ ਬਰਾਮਦ ਹੋਇਆ। ਇਸ ਝੋਲੇ ’ਚੋਂ ਪੁਲਸ ਨੂੰ 150 ਰੁਪਏ ਦੀ ਨਗਦੀ ਅਤੇ ਇਕ ਅਧਾਰ ਕਾਰਡ ਜੋ ਕਿ ਗੁਰਮੇਲ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਭੱਟੀਵਾਲ ਦਾ ਸੀ ਬਰਾਮਦ ਹੋਇਆ।

ਸਹਾਇਕ ਸਬ ਇੰਸਪੈਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਫੜੇ ਗਏ ਉਕਤ ਮੋਟਰਸਾਇਕਲ ਝਪਟ ਮਾਰ ਜਿਸ ਦੀ ਪਛਾਣ ਭਰਭੂਰ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਪਿੰਡ ਨਾਗਰਾ ਦੇ ਤੌਰ ’ਤੇ ਹੋਈ ਹੈ । ਇਸ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਇਕ ਹੋਰ ਸਾਥੀ ਸਤਨਾਮ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਨਾਗਰਾ ਨਾਲ ਮਿਲ ਕੇ ਇਹ ਪਲਾਸਟਿਕ ਦਾ ਥੈਲਾ ਇਕ ਵਿਅਕਤੀ ਤੋਂ ਖੋਹ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਮੇਲ ਸਿੰਘ ਪੁੱਤਰ ਸਰੂਪ ਸਿੰਘ ਜੋ ਕਿ ਦਿਹਾੜੀ ਦਾ ਕੰਮ ਕਰਦਾ ਹੈ। ਜਦੋਂ ਦਿਹਾੜੀ ਦਾ ਕੰਮ ਕਰਕੇ ਆਪਣੇ ਘਰ ਪਰਤ ਰਿਹਾ ਸੀ ਤਾਂ ਇਨ੍ਹਾਂ ਝਪਟ ਮਾਰਾਂ ਨੇ ਉਸ ਤੋਂ ਇਹ ਪਲਾਸਟਿਕ ਦਾ ਥੈਲਾ ਝਪਟ ਮਾਰ ਕੇ ਖੋਹ ਲਿਆ ਸੀ ਅਤੇ ਇਹ ਝਪਟਮਾਰ ਗਿਰੋਹ ਦੇ ਮੈਂਬਰਾ ਇਸੇ ਤਰ੍ਹਾਂ ਹੀ ਸੜਕਾਂ ਉਪਰ ਲੋਕਾਂ ਨੂੰ ਆਪਣਾ ਨਿਸ਼ਾਨਾਂ ਬਣਾਉਂਦੇ ਸਨ। ਪੁਲਸ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੇ ਕਬਜੇ ’ਚੋਂ ਸਤਨਾਮ ਸਿੰਘ ਦਾ ਮੋਬਾਇਲ ਵੀ ਬਰਾਮਦ ਹੋਇਆ ਅਤੇ ਪੁਲਸ ਨੇ ਭਰਭੂਰ ਸਿੰਘ ਅਤੇ ਸਤਨਾਮ ਸਿੰਘ ਦੋਵਾਂ ਵਿਰੁੱਧ ਮਾਮਲਾ ਦਰਜ ਕਰਕੇ ਸਤਨਾਮ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Harinder Kaur

This news is Content Editor Harinder Kaur