ਮੋਰਿੰਡਾ ਵਿਖੇ ਬਰਾਤੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਪਿਆ ਚੀਕ-ਚਿਹਾੜਾ

07/30/2022 1:28:02 PM

ਮੋਰਿੰਡਾ (ਖੁਰਾਣਾ, ਧੀਮਾਨ)-ਮੋਰਿੰਡਾ-ਚੁੰਨੀ ਰੋਡ ’ਤੇ ਬਣੇ ਰੇਲਵੇ ਅੰਡਰਬ੍ਰਿਜ ਦੇ ਬੈਰੀਕੇਡ ਨਾਲ ਟਕਰਾ ਜਾਣ ਕਾਰਨ ਇਕ ਬੱਸ ਦੀ ਛੱਤ ’ਤੇ ਬੈਠੇ ਬਰਾਤੀ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਕਾਰਨ ਬੱਸ ਤੋਂ 10 ਬਰਾਤੀ ਹੇਠਾਂ ਡਿੱਗ ਕੇ ਫੱਟੜ ਹੋ ਗਏ, ਜਿਨ੍ਹਾਂ ਵਿਚੋਂ 2 ਨੂੰ ਹਾਲਤ ਗੰਭੀਰ ਹੋਣ ਕਾਰਨ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਬਾਕੀ ਜ਼ਖ਼ਮੀਆਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਸਥਾਨਕ ਸਿਵਲ ਹਸਪਤਾਲ ਤੋਂ ਮੱਲ੍ਹਮ ਪੱਟੀ ਕਰਕੇ ਛੁੱਟੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਦਸੂਹਾ ਵਿਖੇ ਸਕੂਲ ਬੱਸ ਹਾਦਸੇ 'ਚ ਜ਼ਖ਼ਮੀ ਹੋਏ ਬੱਚਿਆਂ ਦਾ ਪੰਜਾਬ ਸਰਕਾਰ ਕਰਵਾਏਗੀ ਮੁਫ਼ਤ ਇਲਾਜ

ਪ੍ਰਾਪਤ ਜਾਣਕਾਰੀ ਅਨੁਸਾਰ ਮੋਰਿੰਡਾ ਦੇ ਵਾਰਡ ਨੰਬਰ-5 ਵਿਚ ਬੀਤੇ ਦਿਨ ਇਕ ਵਿਆਹ ਸੀ, ਜਿਸ ਕਾਰਨ ਮੁੰਡੇ ਵਾਲੇ ਖੰਨੇ ਤੋਂ ਬੱਸ ਨੰਬਰ ਪੀ. ਬੀ. 02 ਏ. ਐੱਕਸ 7785 ਰਾਹੀਂ ਬਰਾਤ ਲੈ ਕੇ ਮੋਰਿੰਡੇ ਆਏ ਸਨ। ਦੇਰ ਸ਼ਾਮ ਬਰਾਤ ਦੀ ਵਿਦਾਇਗੀ ਸਮੇਂ ਕੁਝ ਬਰਾਤੀ ਬੱਸ ਦੀ ਛੱਤ ਉੱਤੇ ਚੜ੍ਹ ਗਏ ਅਤੇ ਬੱਸ ਜਦੋਂ ਚੁੰਨੀ ਰੋਡ ’ਤੇ ਸਥਿਤ ਰੇਲਵੇ ਅੰਡਰਬ੍ਰਿਜ ਹੇਠੋਂ ਲੰਘਣ ਲੱਗੀ ਤਾਂ ਬੱਸ ਉਪਰ ਬੈਠੇ ਬਰਾਤੀ ਅੰਡਰਬ੍ਰਿਜ ਤੋਂ ਪਹਿਲਾਂ ਲੱਗੇ ਲੋਹੇ ਦੇ ਬੈਰੀਕੇਡ ਵਿਚ ਫਸ ਗਏ ਅਤੇ ਹੇਠਾਂ ਡਿੱਗ ਗਏ।

ਹਾਦਸੇ ਦੀ ਸੂਚਨਾ ਮਿਲਦੇ ਹੀ ਮੋਰਿੰਡਾ ਪੁਲਸ ਸ਼ਹਿਰੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਕੀਰਤ ਸਿੰਘ ਆਪਣੀ ਪੁਲਸ ਟੀਮ ਨਾਲ ਘਟਨਾ ਸਥਾਨ ’ਤੇ ਪਹੁੰਚੇ, ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਮੋਰਿਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਸ ਹਾਦਸੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨੂੰ ਲੈ ਕੇ ਸੰਪਰਕ ਕਰਨ ’ਤੇ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਰੇਲਵੇ ਦੇ ਅਧਿਕਾਰ ਖੇਤਰ ਅਧੀਨ ਹੈ।

ਇਹ ਵੀ ਪੜ੍ਹੋ: ਦਸੂਹਾ ਵਿਖੇ ਸਕੂਲ ਬੱਸ ਹਾਦਸੇ 'ਚ ਜਾਨ ਗਵਾਉਣ ਵਾਲੇ ਹਰਮਨ ਨੂੰ ਸਿਰ 'ਤੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri