ਬੈਂਕ ''ਚ ਪੈਸੇ ਜਮ੍ਹਾ ਕਰਵਾਉਣ ਬਹਾਨੇ 20 ਹਜ਼ਾਰ ਲੈ ਕੇ ਫਰਾਰ

02/14/2018 5:59:35 AM

ਚੰਡੀਗੜ੍ਹ, (ਸੁਸ਼ੀਲ)- ਸੈਕਟਰ-32 ਸਥਿਤ ਬੈਂਕ ਆਫ ਬੜੌਦਾ 'ਚ ਪੈਸੇ ਜਮ੍ਹਾ ਕਰਵਾਉਣ ਗਏ ਵਿਅਕਤੀ ਨੂੰ ਚਕਮਾ ਦੇ ਕੇ ਦੋ ਨੌਜਵਾਨ 20 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਵਿਅਕਤੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਤੇ ਸੈਕਟਰ-34 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮਾਂ ਦੀ ਭਾਲ ਕੀਤੀ।
ਸੈਕਟਰ-32 ਵਾਸੀ ਰੌਸ਼ਨ ਲਾਲ ਨੇ ਪੁਲਸ ਨੂੰ ਦੱਸਿਆ ਕਿ ਨੌਜਵਾਨਾਂ ਨੇ ਕਿਹਾ ਸੀ ਕਿ ਬੈਂਕ 'ਚ ਉਨ੍ਹਾਂ ਦਾ ਦੋਸਤ ਲੱਗਾ ਹੋਇਆ ਹੈ, ਉਹ ਛੇਤੀ ਪੈਸੇ ਜਮ੍ਹਾ ਕਰਵਾ ਦੇਣਗੇ। ਸੈਕਟਰ-34 ਥਾਣਾ ਪੁਲਸ ਨੇ ਰੌਸ਼ਨ ਲਾਲ ਦੀ ਸ਼ਿਕਾਇਤ 'ਤੇ ਦੋਵਾਂ ਨੌਜਵਾਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮਾਂ ਦੀ ਪਛਾਣ ਲਈ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਘਾਲ ਰਹੀ ਹੈ। ਰੌਸ਼ਨ ਲਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸੈਕਟਰ-32 'ਚ ਕੁੱਕ ਹੈ। ਮੰਗਲਵਾਰ ਉਹ ਆਪਣੇ ਬੱਚਿਆਂ, ਜੋ ਯੂ. ਪੀ. ਰਹਿੰਦੇ ਹਨ, ਦੇ ਖਾਤੇ 'ਚ ਪੈਸੇ ਜਮ੍ਹਾ ਕਰਵਾਉਣ ਲਈ ਸੈਕਟਰ-32 ਸਥਿਤ ਬੈਂਕ ਆਫ ਬੜੌਦਾ ਗਿਆ ਸੀ, ਉਥੇ ਦੋ ਨੌਜਵਾਨ ਉਸ ਕੋਲ ਆਏ ਤੇ ਫਾਰਮ ਭਰਨ ਲਈ ਕਹਿਣ ਲੱਗੇ। ਇੰਨੇ 'ਚ ਇਕ ਨੌਜਵਾਨ ਕਹਿਣ ਲੱਗਾ ਕਿ ਉਸਦਾ ਦੋਸਤ ਬੈਂਕ 'ਚ ਲੱਗਾ ਹੈ ਤੇ ਉਹ ਉਸਦੇ ਛੇਤੀ ਹੀ ਪੈਸੇ ਜਮ੍ਹਾ ਕਰਵਾ ਦੇਵੇਗਾ। ਇਸ ਤੋਂ ਬਾਅਦ ਇਕ ਨੌਜਵਾਨ ਬੈਂਕ ਤੋਂ ਬਾਹਰ ਚਲਾ ਗਿਆ ਤੇ ਦੂਜਾ ਲਾਈਨ 'ਚ ਲਗ ਗਿਆ।
ਲਾਈਨ 'ਚ ਖੜ੍ਹਾ ਨੌਜਵਾਨ ਫੋਨ ਕਰਨ ਦੇ ਬਹਾਨੇ ਬੈਂਕ ਤੋਂ ਬਾਹਰ ਚਲਾ ਗਿਆ, ਜਦੋਂ ਰੌਸ਼ਨ ਲਾਲ ਬੈਂਕ ਦੇ ਬਾਹਰ ਗਿਆ ਤਾਂ ਦੋਵੇਂ ਨੌਜਵਾਨ ਫਰਾਰ ਹੋ ਚੁੱਕੇ ਸਨ।