ਲੁਧਿਆਣਾ ਗੈਸ ਲੀਕ ਮਾਮਲੇ ਦੀ 5 ਮੈਂਬਰੀ SIT ਕਰੇਗੀ ਜਾਂਚ

05/02/2023 5:08:55 AM

ਲੁਧਿਆਣਾ (ਭਾਸ਼ਾ)-ਸ਼ਹਿਰ ਦੇ ਗਿਆਸਪੁਰਾ ਇਲਾਕੇ ’ਚ ਕਥਿਤ ਤੌਰ ’ਤੇ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਹੋਈ 11 ਲੋਕਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਪੰਜਾਬ ਪੁਲਸ ਦੀ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਕਰੇਗੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਦੇ ਪ੍ਰਮੁੱਖ ਉਦਯੋਗਿਕ ਕੇਂਦਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਐਤਵਾਰ ਨੂੰ ਇਹ ਦੁਖਾਂਤ ਵਾਪਰਿਆ ਸੀ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਈਡ੍ਰੋਜਨ ਸਲਫਾਈਡ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਨਾਲੀਆਂ ਅਤੇ ਸੀਵਰੇਜ ਲਾਈਨਾਂ ’ਚ ਕਾਸਟਿਕ ਸੋਢਾ ਪਾ ਕੇ ਇਲਾਕੇ ’ਚ ਪੂਰੀ ਰਾਤ ਸਫਾਈ ਡ੍ਰਾਈਵ ਚਲਾਈ ਗਈ।

ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਘਟਨਾ ’ਤੇ NDRF ਦਾ ਖ਼ੁਲਾਸਾ, ਇਸ ਕਾਰਨ ਹੋਈਆਂ ਮੌਤਾਂ

ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਸਤੇ ਸੀਵਰੇਜ ਲਾਈਨ ’ਚ ਜ਼ਹਿਰੀਲੀ ਗੈਸ ਦੇ ਬਣਨ ਦੇ ਸੰਭਾਵੀ ਕਾਰਨਾਂ ’ਤੇ ਗੌਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੈਸ ਦਾ ਅਸਰ ਹੁਣ ਖੇਤਰ ’ਚ ਨਹੀਂ ਹੈ। ਹਾਈਡ੍ਰੋਜਨ ਸਲਫਾਈਡ, ਜਿਸ ਨੂੰ ਸੀਵਰੇਜ ਗੈਸ ਵੀ ਕਿਹਾ ਜਾਂਦਾ ਹੈ, ਜ਼ਹਿਰੀਲੀ ਹੁੰਦੀ ਹੈ ਅਤੇ ਇਸ ’ਚੋਂ ਸੜੇ ਹੋਏ ਆਂਡੇ ਵਰਗੀ ਬਦਬੂ ਆਉਂਦੀ ਹੈ। ਇਹ ਗੈਸ ਬੇਹੋਸ਼ੀ ਅਤੇ ਮੌਤ ਦਾ ਕਾਰਨ ਬਣ ਸਕਦੀ ਹੈ। ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇੱਥੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਐੱਸ. ਆਈ. ਟੀ. ਦੀ ਅਗਵਾਈ ਪੁਲਸ ਦੇ ਡਿਪਟੀ ਕਮਿਸ਼ਨਰ (ਜਾਂਚ) ਹਰਮੀਤ ਸਿੰਘ ਹੁੰਦਲ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਦੀ ਹੋਈ ਮੌਤ

ਉਨ੍ਹਾਂ ਕਿਹਾ ਕਿ ਟੀਮ ਇਸ ਗੱਲ ਦੀ ਜਾਂਚ ਕਰੇਗੀ ਕਿ ਕਿਤੇ ਕਿਸੇ ਉਦਯੋਗਿਕ ਇਕਾਈ ਨੇ ਸੀਵਰੇਜ ਲਾਈਨ ’ਚ ਰਹਿੰਦ-ਖੂੰਹਦ ਤਾਂ ਨਹੀਂ ਸੁੱਟੀ। ਸਿੱਧੂ ਨੇ ਕਿਹਾ ਕਿ ਪੁਲਸ ਇਸ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਸਹਿਯੋਗ ਲਵੇਗੀ ਅਤੇ ਜੇਕਰ ਇਸ ਦੇ ਅਧਿਕਾਰੀ ਸਹਿਯੋਗ ਨਹੀਂ ਕਰਦੇ ਹਨ, ਤਾਂ ਉਨ੍ਹਾਂ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਇਲਾਕੇ ’ਚ ਸੀਵਰੇਜ ’ਚ ਕੁਝ ਕੈਮੀਕਲ ਪਾਏ ਜਾਣ ਤੋਂ ਬਾਅਦ ਜ਼ਹਿਰੀਲੀ ਗੈਸ ਨਿਕਲੀ ਹੋਵੇਗੀ। ਅਧਿਕਾਰੀ ਇਸ ਦੀ ਪੁਸ਼ਟੀ ਲਈ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੇ ਹਨ। ਇਕ ਮੈਜਿਸਟ੍ਰੇਟ ਜਾਂਚ ਦਾ ਹੁਕਮ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਅਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304 (ਗ਼ੈਰ-ਇਰਾਦਤਨ ਹੱਤਿਆ) ਦੇ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਸ਼ਹਿਰ ਦੇ ਗਿਆਸਪੁਰਾ ਇਲਾਕੇ ’ਚ ਐਤਵਾਰ ਨੂੰ ਕਥਿਤ ਰੂਪ ’ਚ ਜ਼ਹਿਰੀਲੀ ਗੈਸ ਲੀਕ ਹੋਣ ਤੋਂ ਬਾਅਦ 3 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਸੀ। ਸਾਰੇ ਮਰਨ ਵਾਲੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਸਨ। ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਸੀ। ਇਸ ਦਰਮਿਆਨ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਸੋਮਵਾਰ ਨੂੰ ਕਿਹਾ ਕਿ ਇਲਾਕੇ ਦੀ ਸਫਾਈ (ਡਿਕਟੈਮੀਨੇਸ਼ਨ) ਕਰ ਦਿੱਤੀ ਗਈ ਹੈ।

Manoj

This news is Content Editor Manoj