ਏ. ਟੀ. ਐੱਮ. ਬਦਲ ਕੇ ਪੈਸੇ ਕਢਵਾਉਣ ਵਾਲਾ ਪੁਲਸ ਅਡ਼ਿੱਕੇ, ਪਰਚਾ ਦਰਜ

06/20/2018 4:33:14 AM

ਪੱਟੀ,   (ਬੇਅੰਤ, ਰਾਜੂ)-  ਏ. ਟੀ. ਐੱਮ. ਬਦਲ ਕੇ ਪੈਸੇ ਕਢਵਾਉਣ ਵਾਲੇ ਇਕ ਨੌਜਵਾਨ ਖਿਲਾਫ  ਥਾਣਾ ਸਿਟੀ ਪੱਟੀ ਦੀ ਪੁਲਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਸ ਥਾਣਾ ਸਿਟੀ ਪੱਟੀ ਦੇ ਮੁੱਖ ਪੁਲਸ ਅਧਿਕਾਰੀ ਰਾਜੇਸ਼ ਕੱਕਡ਼ ਨੇ ਦੱਸਿਆ ਕਿ ਕਰਮਜੀਤ ਕੌਰ ਪੁੱਤਰੀ ਸੁਰਜੀਤ ਸਿੰਘ ਵਾਰਡ ਨੰਬਰ 7 ਪੱਟੀ ਨੇ ਪੁਲਸ ਕੋਲ ਦਰਖਾਸਤ ਦਿੱਤੀ ਕਿ ਉਸ ਦੀ ਮਾਤਾ ਬਿਮਾਰ ਹੋਣ ਕਰ ਕੇ ਉਹ 15 ਜੂਨ 2018 ਨੂੰ ਪੰਜਾਬ ਨੈਸ਼ਨਲ ਬੈਂਕ ਪੱਟੀ ਦੇ ਏ. ਟੀ. ਐੱਮ. ਅੰਦਰ ਆਪਣੀ ਛੋਟੀ ਭੈਣ ਮਨਜੀਤ ਕੌਰ ਦੇ ਖਾਤੇ ਦੇ ਏ. ਟੀ. ਐੱਮ. ਕਾਰਡ ਰਾਹੀਂ ਪੈਸੇ ਕਢਵਾਉਣ ਆਈ ਸੀ ਤਾਂ ਇਕ ਨੌਜਵਾਨ ਨੇ ਏ. ਟੀ. ਐੱਮ. ਮਸ਼ੀਨ ’ਚੋਂ ਪੈਸੇ ਕਢਵਾਉਣ ਦੀ ਮਦਦ ਕਰਨ ਦੇ ਬਹਾਨੇ ਉਸ ਦਾ ਏ. ਟੀ. ਐੱਮ. ਬਦਲ ਲਿਆ ਤੇ ਉਸ ਦੇ ਏ. ਟੀ. ਐੱਮ. ਰਾਹੀਂ 2500 ਰੁਪਏ ਨਕਦ ਤੇ 450 ਰੁਪਏ ਪੋਸ਼ ਮਸ਼ੀਨ ਰਾਹੀਂ ਕਢਵਾ ਲਏ, ਜਿਸ ’ਤੇ ਪੁਲਸ ਨੇ ਮਕੁੱਦਮਾ ਦਰਜ ਕੀਤਾ ਹੈ।  ਪੁਲਸ ਅਧਿਕਾਰੀ ਨੇ ਦੱਸਿਆ ਕੇ ਇਸ ਮਾਮਲੇ ’ਚ ਅੱਜ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਬੀਤੇ ਦਿਨ ਪਹਿਲਾਂ ਕਿਸੇ ਅੌਰਤ ਨਾਲ ਪੀ. ਐੱਨ. ਬੀ. ਦੇ ਏ. ਟੀ. ਐੱਮ. ਅੰਦਰ ਠੱਗੀ ਮਾਰਨ ਵਾਲਾ ਨੌਜਵਾਨ ਰੇਲਵੇ ਫਾਟਕ ਪੱਟੀ ਦੇ ਨਜ਼ਦੀਕ ਐੱਸ. ਬੀ. ਆਈ. ਬੈਕ ਦੇ ਏ. ਟੀ. ਐੱਮ. ਦੇ ਨਜ਼ਦੀਕ ਘੁੰਮ ਰਿਹਾ ਹੈ, ਜਿਸ ਨੂੰ ਪੁਲਸ ਨੇ ਤਰੁੰਤ ਕਾਬੂ ਕਰ ਲਿਆ। ਪੁਲਸ ਵੱਲੋਂ ਪੁੱਛ-ਪਡ਼ਤਾਲ ਕਰਨ ’ਤੇ ਉਕਤ ਨੌਜਵਾਨ ਨੇ ਆਪਣਾ ਨਾਮ ਇੰਦਰਜੀਤ ਸਿੰਘ ਉਰਫ ਗੋਪੀ ਪੁੱਤਰ ਦਲਜੀਤ ਸਿੰਘ ਵਾਸੀ ਰੇਗਰ ਕਾਲੋਨੀ ਵਾਰਡ ਨੰ. 19 ਪੱਟੀ ਦੱਸਿਆ, ਜਿਸ ਕੋਲੋਂ ਪੁਲਸ ਨੇ ਉਕਤ ਅੌਰਤ ਦਾ ਬਦਲੀ ਕੀਤਾ ਏ. ਟੀ. ਐੱਮ. ਕਾਰਡ ਬਰਾਮਦ ਕਰ ਲਿਆ ਹੈ।