ਏ. ਟੀ. ਐੱਮ. ਲੁੱਟਣ ਵਾਲੇ 3 ਕਾਬੂ, 1 ਫਰਾਰ

07/04/2017 7:24:27 AM

ਸੁਭਾਨਪੁਰ, (ਰਜਿੰਦਰ)- ਹਲਕਾ ਭੁਲੱਥ ਦੇ ਥਾਣਾ ਸੁਭਾਨਪੁਰ ਖੇਤਰ ਵਿਚ ਪੈਂਦੇ ਪਿੰਡ ਦਿਆਲਪੁਰ ਵਿਖੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ 2.10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਪੁਲਸ ਨੇ ਬੇਨਕਾਬ ਕਰ ਦਿੱਤਾ ਹੈ, ਕਿਉਂਕਿ ਪੁਲਸ ਵਲੋਂ ਰਿਮਾਂਡ 'ਤੇ ਲਿਆਂਦੇ ਗਏ ਨੌਜਵਾਨਾਂ ਵਲੋਂ ਪੁਛਗਿੱਛ ਦੌਰਾਨ ਏ. ਟੀ. ਐੱਮ. ਲੁੱਟਣ ਦੀ ਵਾਰਦਾਤ ਨੂੰ ਕਬੂਲਣ ਉਪਰੰਤ ਹੁਣ ਪੁਲਸ ਨੇ ਇਸ ਮਾਮਲੇ ਵਿਚ ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਪਾ ਦਿੱਤੀ ਹੈ ਅਤੇ ਇਨ੍ਹਾਂ ਕੋਲੋਂ 15 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ। 
ਏ. ਐੱਸ. ਪੀ. ਗੌਰਵ ਤੂਰਾ ਆਈ. ਪੀ. ਐੱਸ. ਨੇ ਦੱਸਿਆ ਕਿ ਪਿੰਡ ਦਿਆਲਪੁਰ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਉਸ ਵਿਚੋਂ 2.10 ਲੱਖ ਰੁਪਏ ਦੀ ਲੁੱਟ ਕਰਨ ਵਿਚ ਅੰਸ਼ੂ ਥਾਪਰ, ਸੁਮਿਤ ਉਰਫ ਸੰਨੀ, ਗੁਰਪ੍ਰੀਤ ਸਿੰਘ ਉਰਫ ਕਾਕਾ ਅਤੇ ਲਵਪ੍ਰੀਤ ਸਿੰਘ ਉਰਫ ਰਾਜਨ ਸ਼ਾਮਲ ਹਨ, ਜਿਹੜੇ ਸਾਰੇ ਥਾਣਾ ਬੇਗੋਵਾਲ ਵਿਚ ਪੈਂਦੇ ਪਿੰਡ ਮਿਆਣੀ ਭੱਗੂਪੁਰੀਆਂ ਦੇ ਵਸਨੀਕ ਹਨ। ਇਨ੍ਹਾਂ ਵਿਚੋਂ ਹੁਣ 3 ਨੌਜਵਾਨ ਪੁਲਸ ਹਿਰਾਸਤ ਵਿਚ ਹਨ, ਜਦਕਿ ਲਵਪ੍ਰੀਤ ਉਰਫ ਰਾਜਨ ਹਾਲੇ ਫਰਾਰ ਚਲ ਰਿਹਾ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। 
ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਪਿਛਲੇ ਮਹੀਨੇ ਬੱਚਾਜੀਵੀ ਕਲਾਥ ਹਾਊਸ ਵਿਚ ਚੋਰੀ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਗਿਆ ਸੀ ਤੇ ਇਸ ਤੋਂ ਪਹਿਲਾਂ ਪੁਛਗਿੱਛ ਦੌਰਾਨ ਨੰਗਲ ਲੁਬਾਣਾ ਵਿਖੇ ਹੋਈ ਲੁੱਟ-ਖੋਹ ਟਰੇਸ ਕਰ ਲਈ ਗਈ ਸੀ ਅਤੇ ਹੁਣ ਸਬ ਡਵੀਜ਼ਨ ਭੁਲੱਥ ਦੇ ਸਰਕਲ ਇੰਸਪੈਕਟਰ ਕੇਵਲ ਕ੍ਰਿਸ਼ਨ ਵਲੋਂ ਰਿਮਾਂਡ 'ਤੇ ਲਿਆਂਦੇ ਗਏ ਸੁਮਿਤ ਉਰਫ ਸੰਨੀ ਅਤੇ ਅੰਸ਼ੂ ਥਾਪਰ ਕੋਲੋਂ ਥਾਣਾ ਬੇਗੋਵਾਲ ਵਿਚ 30 ਜੁਲਾਈ 2016 ਨੂੰ ਦਰਜ ਹੋਏ ਲੁੱਟ-ਖੋਹ ਦੇ ਮੁਕੱਦਮੇ ਸੰਬੰਧੀ ਪੁਛਗਿੱਛ ਕੀਤੀ ਗਈ ਤਾਂ ਇਸ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਅਸੀਂ ਆਪਣੇ ਦੂਜੇ ਸਾਥੀਆਂ ਗੁਰਪ੍ਰੀਤ ਸਿੰਘ ਉਰਫ ਕਾਕਾ ਅਤੇ ਲਵਪ੍ਰੀਤ ਸਿੰਘ ਉਰਫ ਰਾਜਨ ਨਾਲ ਮਿਲ ਕੇ 10 ਅਪ੍ਰੈਲ 2017 ਨੂੰ ਪਿੰਡ ਦਿਆਲਪੁਰ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਉਸ ਵਿਚੋਂ 2 ਲੱਖ 10 ਹਜ਼ਾਰ ਰੁਪਏ ਲੁੱਟੇ ਸਨ। ਲੁੱਟ ਦੀ ਵਾਰਦਾਤ ਕਬੂਲਣ ਵਾਲੇ ਤਿੰਨਾਂ ਨੌਜਵਾਨਾਂ ਦੀ ਹੁਣ ਉਕਤ ਮੁਕੱਦਮੇ ਵਿਚ ਗ੍ਰਿਫਤਾਰੀ ਪਾ ਕੇ ਅੰਸ਼ੂ ਥਾਪਰ ਕੋਲੋਂ 6 ਹਜ਼ਾਰ ਰੁਪਏ, ਸੁਮਿਤ ਉਰਫ ਸੰਨੀ ਕੋਲੋਂ 4 ਹਜ਼ਾਰ ਰੁਪਏ ਅਤੇ ਗੁਰਪ੍ਰੀਤ ਸਿੰਘ ਉਰਫ ਕਾਕਾ ਕੋਲੋਂ 5 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਇਸ ਮੌਕੇ ਐੱਸ. ਐੱਚ. ਓ. ਸੁਭਾਨਪੁਰ ਸੁਖਬੀਰ ਸਿੰਘ, ਐੱਸ. ਐੱਚ. ਓ. ਬੇਗੋਵਾਲ ਹਰਦੀਪ ਸਿੰਘ ਵੀ ਹਾਜ਼ਰ ਸਨ।