ਏ. ਟੀ. ਐੱਮ. ਕਾਰਡ ਬਦਲ ਕੇ ਲਾਇਆ ਲੱਖਾਂ ਦਾ ਚੂਨਾ, ਮਾਮਲਾ ਦਰਜ

03/13/2018 6:18:26 AM

ਹਰਿਆਣਾ, (ਰਾਜਪੂਤ)- ਥਾਣਾ ਹਰਿਆਣਾ ਦੀ ਪੁਲਸ ਨੇ ਇਕ ਵਿਅਕਤੀ ਦਾ ਏ. ਟੀ. ਐੱਮ. ਬਦਲ ਕੇ ਲੱਖਾਂ ਰੁਪਏ ਦੀ ਰਾਸ਼ੀ ਕਢਵਾਉਣ 'ਤੇ ਮਾਮਲਾ ਦਰਜ ਕੀਤਾ ਹੈ। ਇਕੱਤਰ ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਦਿਲਬਾਗ ਸਿੰਘ ਨੇ ਦੱਸਿਆ ਕਿ ਨਿਰੰਜਣ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਨਿੱਕੀਵਾਲ ਹਰਿਆਣਾ ਦੇ ਪੰਜਾਬ ਨੈਸ਼ਨਲ ਬੈਂਕ ਤੋਂ ਏ. ਟੀ. ਐੱਮ. ਰਾਹੀਂ ਪੈਸੇ ਕਢਵਾਉਣ ਗਿਆ ਸੀ, ਪ੍ਰੰਤੂ ਪੈਸੇ ਨਾ ਨਿਕਲਣ ਕਾਰਨ ਉਥੇ ਇਕ ਅਨਜਾਣ ਨੌਜਵਾਨ ਨੇ ਧੋਖੇ ਨਾਲ ਏ. ਟੀ. ਐੱਮ. ਕਾਰਡ ਬਦਲ ਕੇ ਪਾਸਵਰਡ ਵੀ ਪਤਾ ਲਾ ਲਿਆ ਅਤੇ ਚਲਾ ਗਿਆ। 
ਇਕ ਹਫ਼ਤੇ ਬਾਅਦ ਨਿਰੰਜਣ ਸਿੰਘ ਬੈਂਕ ਵਿਚ ਕਾਪੀ ਰਾਹੀਂ ਪੈਸੇ ਕਢਵਾਉਣ ਗਿਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸਦੇ ਖਾਤੇ ਵਿਚੋਂ ਕਿਸੇ ਨੇ 2 ਲੱਖ 45 ਹਜ਼ਾਰ ਰੁਪਏ ਕਢਵਾ ਲਏ ਸਨ। ਇਸ ਸਬੰਧੀ ਸੂਚਨਾ ਤੁਰੰਤ ਥਾਣਾ ਹਰਿਆਣਾ ਨੂੰ ਦਿੱਤੀ ਗਈ। ਬੈਂਕ ਮੁਲਾਜ਼ਮਾਂ ਦੀ ਸਹਾਇਤਾ ਨਾਲ ਠੱਗੀ ਮਾਰਨ ਵਾਲੇ ਨੌਜਵਾਨ ਦੀ ਤਸਵੀਰ ਸੀ. ਸੀ. ਟੀ. ਵੀ. ਕੈਮਰੇ 'ਚ ਦੇਖਣ ਉਪਰੰਤ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।