9 ਸਾਲ ਬਾਅਦ ਵੀ ਜਿੰਮੀ ਨੂੰ ਨਹੀਂ ਮਿਲ ਸਕੀ ਮਾਂ, ਝੂਠੇ ਕੇਸ ''ਚ ਫਸਾਉਣ ਦੇ ਲਗਾਏ ਦੋਸ਼

12/15/2017 7:41:11 PM


ਪਾਇਲ - ਡੇਰਾ ਪ੍ਰੇਮੀ ਪਿਓ-ਪੁੱਤ ਕਤਲ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਤਲਜੀਤ ਸਿੰਘ ਜਿੰਮੀ ਨੂੰ ਜੰਮੂ ਦੇ ਪਿੰਡ ਬਾਗਲਿਆਣਾ ਤੋਂ ਮਿਲਣ ਆਈ ਮਾਂ ਮਨਜੀਤ ਕੌਰ ਨੂੰ 9 ਸਾਲ ਬਾਅਦ ਵੀ ਨਹੀਂ ਮਿਲ ਸਕੀ। ਮਿਲੀ ਜਾਣਕਾਰੀ ਮੁਤਾਬਕ ਸਬ-ਡਿਵੀਜ਼ਨ ਪਾਇਲ ਦੇ ਪਿੰਡ ਨਾਨਕਪੁਰ ਜਗੇੜਾ 'ਚ 10 ਮਹੀਨੇ ਪਹਿਲਾਂ ਕਤਲ ਕੀਤੇ ਡੇਰਾ ਪ੍ਰੇਮੀ ਪਿਓ-ਪੁੱਤ ਦੇ ਕਤਲ ਦੇ ਮਾਮਲੇ 'ਚ ਮੁਲਜ਼ਮ ਤਲਜੀਤ ਸਿੰਘ ਜਿੰਮੀ ਨੂੰ ਸ਼ੁੱਕਰਵਾਰ ਨੂੰ ਪਾਇਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਉਸ ਨੂੰ ਮਿਲਣ ਲਈ ਉਸਦੀ ਮਾਂ ਆਈ ਹੋਈ ਸੀ। ਇਸ ਮੌਕੇ ਉਸਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿੰਮੀ 17 ਸਾਲ ਦੀ ਉਮਰ 'ਚ 12ਵੀਂ ਪਾਸ ਕਰਨ ਤੋਂ ਬਾਅਦ ਜ਼ਮੀਨ ਵੇਚ ਕੇ ਘਰ ਦੀ ਹਾਲਤ 'ਚ ਸੁਧਾਰ ਕਰਨ ਲਈ ਵਿਦੇਸ਼ ਚਲਾ ਗਿਆ ਸੀ ਅਤੇ ਮਾਂ ਨੇ ਦੱਸਿਆ ਕਿ ਲੰਮੇ ਅਰਸੇ ਬਾਅਦ ਵਿਆਹ ਕਰਵਾਉਣ ਲਈ ਉਸ ਨੂੰ ਵਾਪਸ ਬੁਲਾ ਲਿਆ ਪਰ ਪੁਲਸ ਨੇ ਜਿੰਮੀ ਨੂੰ ਹਵਾਈ ਅੱਡੇ ਤੋਂ ਹੀ ਹਿਰਾਸਤ 'ਚ ਲੈ ਲਿਆ
ਜਿੰਮੀ ਦੀ ਮਾਂ ਨੇ ਦੱਸਿਆ ਕਿ ਉਸਦੇ ਵਿਦੇਸ਼ ਆਉਣ ਤੋਂ ਪਹਿਲਾਂ ਉਸਦੇ ਚਾਚੇ ਦੇ ਪੁੱਤਰ ਨੂੰ ਪੁਲਸ ਚੁੱਕ ਕੇ ਲੈ ਗਈ। ਇਸ ਮੌਕੇ ਥਾਣਾ ਮਲੌਦ ਦੇ ਮੁੱਖ ਅਫਸਰ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਜਿੰਮੀ ਤੋਂ ਪੁੱਛਗਿੱਛ ਕੀਤੀ ਗਈ ਹੈ। ਉਧਰ ਜਿੰਮੀ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੂੰ ਫਸਾਇਆ ਗਿਆ ਹੈ ਅਤੇ ਉਹ ਇਨਸਾਫ ਮਿਲਣ ਤੱਕ ਕਾਨੂੰਨੀ ਲੜਾਈ ਜਾਰੀ ਰਖੇਗੀ।