ਪੰਚਕੂਲਾ ਸਕੂਲ ''ਚ 9 ਸਾਲ ਦੇ ਬੱਚੇ ਨੂੰ ਸਿਰ ''ਤੇ ਮਾਰੇ ਡੰਡੇ, ਟਾਇਲਟ ''ਚ  ਡਿੱਗਾ ਬੇਹੋਸ਼ ਹੋ ਕੇ

09/23/2017 8:46:00 AM

ਪੰਚਕੂਲਾ — ਗੁਰੂਗ੍ਰਾਮ ਦੇ ਰਿਆਨ ਸਕੂਲ 'ਚ ਪ੍ਰਦੁਮਣ ਦੇ ਕਤਲ ਤੋਂ ਬਾਅਦ ਹੁਣ ਪੰਚਕੂਲਾ 'ਚ ਵੀ ਸਕੂਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੰਚਕੂਲਾ ਦੇ ਸੈਕਟਰ 12-ਏ ਸਥਿਤ ਸਾਰਥਕ ਮਾਡਲ ਸਕੂਲ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ 9 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਤੋਂ ਬਾਅਦ ਟਾਇਲਟ 'ਚ ਬੰਦ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ ਇਹ ਸਕੂਲ ਸੂਬਾ ਸਰਕਾਰ ਵਲੋਂ ਚਲਾਇਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਲੜਕੇ ਦੇ ਪਿਤਾ ਦੀ ਸ਼ਿਕਾਇਤ 'ਤੇ ਸਕੂਲ ਪ੍ਰਸ਼ਾਸਨ 'ਤੇ ਗਲਤ ਜਾਣਕਾਰੀ ਦੇਣ ਦੀ ਸ਼ਿਕਾਇਤ ਦਰਜ ਕੀਤੀ ਹੈ। ਬੱਚੇ ਦਾ ਪਿਤਾ ਪ੍ਰਵਾਸੀ ਮਜ਼ਦੂਰ ਹੈ, ਜੋ ਕਿ ਪੰਚਕੂਲਾ ਦੇ ਉਦਯੋਗਿਕ ਖੇਤਰ 'ਚ ਅਭੈਪੁਰ ਪਿੰਡ 'ਚ ਰਹਿੰਦਾ ਹੈ। ਵਿਦਿਆਰਥੀ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਸਾਡਾ ਬੇਟਾ ਟ੍ਰਾਮਾ 'ਚ ਹੈ। ਉਹ ਆਪਣੀ ਪਿੱਠ ਅਤੇ ਸਿਰ 'ਚ ਦਰਦ ਦੀ ਸ਼ਿਕਾਇਤ ਦੱਸ ਰਿਹਾ ਹੈ।


ਲੜਕੇ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਸਦੀ ਪਤਨੀ ਬੇਟੇ ਨੂੰ ਲੈਣ ਸਕੂਲ ਗਈ ਤਾਂ ਉਹ ਹੈਰਾਨ ਹੋ ਗਈ ਕਿਉਂਕਿ ਬੱਚੇ ਦੇ ਕੱਪੜੇ ਬਦਲੇ ਹੋਏ ਸਨ। ਸਕੂਲ ਅਧਿਕਾਰੀਆਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਟਾਇਲਟ ਅਤੇ ਉਲਟੀ ਨਾਲ ਗੰਦੇ ਹੋਏ ਕੱਪੜਿਆਂ ਨੂੰ ਦਿਖਾਇਆ। ਸਕੂਲ ਵਾਲਿਆਂ ਨੇ ਬੱਚੇ ਨੂੰ ਚੌਕੀਦਾਰ ਦੇ ਬੇਟੇ ਦੇ ਕੱਪੜੇ ਦਿੱਤੇ। ਸਕੂਲ ਵਾਲਿਆਂ ਨੇ ਇਹ ਨਹੀਂ ਦੱਸਿਆ ਕਿ ਇਹ ਸਭ ਕੁਝ ਕੀ ਹੋਇਆ? ਪਿਤਾ ਨੇ ਸਕੂਲ ਦੇ ਅਧਿਕਾਰੀਆਂ 'ਤੇ ਮਾਮਲੇ 'ਤੇ ਪਰਦਾ ਪਾਉਣ ਦਾ ਦੋਸ਼ ਲਗਾਇਆ ਕਿਉਂਕਿ ਉਨ੍ਹਾਂ ਨੇ ਜਦੋਂ ਕੈਮਰੇ ਦਿਖਾਉਣ ਦੀ ਗੱਲ ਕਹੀ ਤਾਂ ਦੱਸਿਆ ਗਿਆ ਕਿ ਸਕੂਲ ਦੇ ਕੈਮਰੇ ਠੀਕ ਨਹੀਂ ਹਨ।


ਪੀੜਤ ਵਿਦਿਆਰਥੀ ਨੇ ਪੁਲਸ ਨੂੰ ਦੱਸਿਆ ਕਿ 2 ਲੜਕਿਆਂ 'ਚੋਂ ਇਕ ਲੜਕੇ ਦੇ ਸਿਰ 'ਤੇ ਜ਼ੋਰ ਦੀ ਡੰਡੇ ਮਾਰੇ, ਇਸ ਤੋਂ ਬਾਅਦ ਉਹ ਟਾਇਲਟ ਕਿਵੇਂ ਪੁੱਜਾ ਉਸਨੂੰ ਕੁਝ ਯਾਦ ਨਹੀਂ। ਹਾਲਾਂਕਿ ਅਜੇ ਤੱਕ ਪੂਰੇ ਮਾਮਲੇ ਦਾ ਮਕਸਦ ਨਹੀਂ ਪਤਾ ਲੱਗਾ ਹੈ। ਪੁਲਸ ਨੇ ਜਾਂਚ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜਦੋਂ ਬੱਚਾ ਕਾਫੀ ਦੇਰ ਤੱਕ ਜਮਾਤ 'ਚ ਵਾਪਸ ਨਹੀਂ ਆਇਆ ਤਾਂ ਅਧਿਆਪਕ ਨੇ ਬੱਚਿਆਂ ਨੂੰ ਉਸਨੂੰ ਦੇਖਣ ਲਈ ਭੇਜਿਆ। ਉਸਦੇ ਸਾਥੀਆਂ ਨੇ ਦੇਖਿਆ ਕਿ ਉਹ ਟਾਇਲਟ 'ਚ ਜ਼ਮੀਨ 'ਤੇ ਬੇਹੋਸ਼ ਪਿਆ ਹੋਇਆ ਸੀ ਅਤੇ ਉਸਦੇ ਕੱਪੜੇ ਵੀ ਗੰਦੇ ਸਨ।