ਮਾਲ ਰੋਡ ''ਤੇ ਕੱਟੇ 9 ਚਾਲਾਨ, 2 ਤੰਦੂਰ ਕਬਜ਼ੇ ''ਚ ਲਏ

01/18/2018 7:46:28 AM

ਕਪੂਰਥਲਾ, (ਗੁਰਵਿੰਦਰ ਕੌਰ)- ਸਥਾਈ ਲੋਕ ਅਦਾਲਤ ਦੀ ਚੇਅਰਮੈਨ ਤੇ ਮਾਣਯੋਗ ਜੱਜ ਮੈਡਮ ਮੰਜੂ ਰਾਣਾ ਨੇ ਅੱਜ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਮਾਲ ਰੋਡ ਕਪੂਰਥਲਾ ਦਾ ਦੌਰਾ ਕੀਤਾ ਤੇ ਸੜਕਾਂ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਦੇ ਮੌਕੇ 'ਤੇ 9 ਚਾਲਾਨ ਕੱਟੇ, ਜਿਸ 'ਚ ਮਾਲ ਰੋਡ 'ਤੇ ਪੀ. ਬੀ. 9 ਸਮੇਤ ਰੈੱਡ ਕਰਾਸ ਦੀਆਂ ਦੁਕਾਨਾਂ, ਮੁਹੱਲਾ ਸੁਖਜੀਤ ਨਗਰ 'ਚ ਕੁਲਚੇ ਛੋਲਿਆਂ ਦੀ ਦੁਕਾਨ ਤੇ ਰੇਹੜੀ ਵਾਲੇ ਆਦਿ ਸ਼ਾਮਿਲ ਹਨ। 
ਵਰਣਨਯੋਗ ਹੈ ਕਿ 5 ਜਨਵਰੀ ਨੂੰ ਨਗਰ ਕੌਂਸਲ ਕਪੂਰਥਲਾ ਵਲੋਂ ਮੁਹੱਲਾ ਸੁਖਜੀਤ ਨਗਰ 'ਚ ਸਥਿਤ ਕੁਲਚੇ ਛੋਲਿਆਂ ਦੀ ਦੁਕਾਨ ਦਾ ਚਾਲਾਨ ਦੁਕਾਨਦਾਰ ਵੱਲੋਂ ਤੰਦੁਰ ਸੜਕ 'ਤੇ ਰੱਖਣ ਕਾਰਨ ਕੱਟਿਆ ਗਿਆ ਸੀ ਤੇ ਦੁਕਾਨਦਾਰ ਵਲੋਂ 8 ਜਨਵਰੀ ਤਕ ਚਲਾਨ ਦੇ ਪੈਸੇ ਜਮ੍ਹਾ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ 9 ਦਿਨ ਬੀਤਣ ਦੇ ਬਾਵਜੂਦ ਵੀ ਚਾਲਾਨ ਦੇ ਪੈਸੇ ਜਮ੍ਹਾ ਨਾ ਕਰਵਾਉਣ ਦੇ ਕਾਰਨ ਅੱਜ ਨਗਰ ਦੇ ਕਰਮਚਾਰੀਆਂ ਵਲੋਂ ਦੁਕਾਨ ਦੇ ਬਾਹਰੋਂ ਦੋਵੇਂ ਤੰਦੁਰ ਚੁੱਕ ਲਏ ਸਨ ਪਰ ਕਰਮਚਾਰੀਆਂ ਦੇ ਜਾਣ ਤੋਂ ਬਾਅਦ ਦੁਕਾਨਦਾਰ ਵਲੋਂ ਦੁਬਾਰਾ 2 ਤੰਦੂਰ ਸੜਕ 'ਤੇ ਰੱਖ ਲਏ ਗਏ। ਜਿਸ ਕਾਰਨ ਮੈਡਮ ਮੰਜੂ ਰਾਣਾ ਦੀ ਅਗਵਾਈ 'ਚ ਨਗਰ ਕੌਂਸਲ ਕਰਮਚਾਰੀਆਂ ਵਲੋਂ ਦੁਬਾਰਾ ਉਸੇ ਦੁਕਾਨਦਾਰ ਦਾ ਚਾਲਾਨ ਕੱਟਿਆ ਗਿਆ। 
ਮੈਡਮ ਮੰਜੂ ਰਾਣਾ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਬਾਜ਼ਾਰਾਂ 'ਚ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਵਿਰੁੱਧ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
ਇਸ ਮੌਕੇ ਨਗਰ ਕੌਂਸਲ ਕਪੂਰਥਲਾ ਦੇ ਸਬ ਇੰਸਪੈਕਟਰ ਕੁਲਵੰਤ ਸਿੰਘ, ਸਬ ਇੰਸਪੈਕਟਰ ਜਸਵਿੰਦਰ ਸਿੰਘ, ਵਿਕਰਮ, ਨਰੇਸ਼ ਕੁਮਾਰ, ਹਰਭਜਨ ਸਿੰਘ ਆਦਿ ਹਾਜ਼ਰ ਸਨ।