ਇਟਲੀ ਭੇਜਣ ਦੇ ਨਾਂ ''ਤੇ 9.52 ਲੱਖ ਦੀ ਠੱਗੀ, 3 ਨਾਮਜ਼ਦ

12/26/2017 2:09:48 AM

ਹੁਸ਼ਿਆਰਪੁਰ, (ਜ.ਬ.)- ਥਾਣਾ ਮੇਹਟੀਆਣਾ ਦੀ ਪੁਲਸ ਨੇ ਇਟਲੀ ਭੇਜਣ ਦੇ ਨਾਂ 'ਤੇ 9 ਲੱਖ 52 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ 'ਚ 2 ਸਕੇ ਭਰਾਵਾਂ ਸਮੇਤ 3 ਟ੍ਰੈਵਲ ਏਜੰਟਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਮਿਲੀ ਜਾਣਕਾਰੀ ਅਨੁਸਾਰ ਮਰਨਾਈਆਂ ਖੁਰਦ ਪਿੰਡ ਦੇ ਰਹਿਣ ਵਾਲੇ ਪਵਨਜੀਤ ਕੁਮਾਰ ਨੇ ਦੱਸਿਆ ਕਿ ਉਸਦੇ ਬੇਟੇ ਜਗਜੀਤ ਸਿੰਘ ਨੂੰ ਇਟਲੀ ਭੇਜ ਕੇ ਪੱਕਾ ਕਰਵਾਉਣ ਦੇ ਨਾਂ 'ਤੇ ਟ੍ਰੈਵਲ ਏਜੰਟ ਸੁਖਦੇਵ ਸਿੰਘ ਨੇ ਆਪਣੇ ਭਰਾ ਜਗਮੋਹਣ ਸਿੰਘ ਵਾਸੀ ਆਦਮਪੁਰ ਤੇ ਜਸਵਿੰਦਰ ਸਿੰਘ ਉਰਫ ਲੰਬੂ ਵਾਸੀ ਭਤੀਜਾ ਰੰਧਾਵਾ ਜ਼ਿਲਾ ਜਲੰਧਰ ਨਾਲ 9.52 ਲੱਖ ਰੁਪਏ ਦੀ ਰਾਸ਼ੀ ਲਈ ਸੀ, ਪ੍ਰੰਤੂ ਉਸਦੇ ਲੜਕੇ ਨੂੰ ਇਟਲੀ ਤਾਂ ਭੇਜ ਦਿੱਤਾ ਪਰ ਉਸਨੂੰ ਪੱਕਾ ਨਹੀਂ ਕਰਵਾਇਆ। ਜਿਸ ਕਾਰਨ ਉਥੋਂ ਦੀ ਕੰਪਨੀ ਨੇ 7 ਮਹੀਨੇ ਬਾਅਦ ਉਨ੍ਹਾਂ ਦੇ ਲੜਕੇ ਨੂੰ ਕੱਢ ਦਿੱਤਾ ਤੇ ਉਹ ਵਾਪਸ ਆ ਗਿਆ। ਪ੍ਰੰਤੂ ਇਸ ਤੋਂ ਬਾਅਦ ਦੋਸ਼ੀਆਂ ਨੇ ਨਾ ਤਾਂ ਉਸਦੇ ਲੜਕੇ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਦੇ ਨਿਰਦੇਸ਼ਾਂ 'ਤੇ ਮਾਮਲੇ ਦੀ ਜਾਂਚ ਕਰਨ ਉਪਰੰਤ ਪੁਲਸ ਨੇ ਤਿੰਨੋਂ ਦੋਸ਼ੀਆਂ ਖਿਲਾਫ਼ ਧਾਰਾ 406, 420 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।