ਕਾਰ ਪਲਟਣ ਨਾਲ 8 ਸਾਲਾ ਬੱਚੀ ਦੀ ਮੌਤ; 2 ਜ਼ਖਮੀ

11/19/2017 1:53:32 AM

ਬਲਾਚੌਰ, (ਕਟਾਰੀਆ/ਕਿਰਨ, ਬੈਂਸ, ਬ੍ਰਹਮਪੁਰੀ)- ਬਾਗੋਵਾਲ ਤੋਂ ਬਲਾਚੌਰ ਰੋਡ 'ਤੇ ਬੇਕਾਬੂ ਕਾਰ ਪਲਟਣ ਕਾਰਨ ਇਕ 8 ਸਾਲ ਦੀ ਬੱਚੀ ਦੀ ਮੌਤ ਤੇ 2 ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦਵਿੰਦਰ ਕੁਮਾਰ ਬਾਗੋਵਾਲ ਤੋਂ ਆਪਣੀ ਅਲਟੋ ਕਾਰ 'ਚ ਸਵੇਰੇ 9.30 ਵਜੇ ਬਲਾਚੌਰ ਵਿਆਹ ਸਮਾਗਮ ਲਈ ਆ ਰਿਹਾ ਸੀ, ਜਿਸ ਵਿਚ ਏਂਜਲ ਪੁੱਤਰੀ ਤੇਜਪਾਲ ਮੱਖੂਪੁਰ, ਪ੍ਰੀਆ ਪਤਨੀ ਦਵਿੰਦਰ ਕੁਮਾਰ (ਜਿਸ ਦਾ ਕੱਲ ਹੀ ਵਿਆਹ ਹੋਇਆ ਸੀ), ਪ੍ਰੀਆ ਪੁੱਤਰੀ ਸੰਜੀਵ ਕੁਮਾਰ ਤੇ ਮਨੀਸ਼ਾ ਪੁੱਤਰੀ ਸ਼ਾਮ ਲਾਲ ਸਵਾਰ ਸਨ।

ਜਦੋਂ ਇਹ ਬੂਲੇਵਾਲ ਮੋੜ 'ਤੇ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਪਲਟ ਗਈ। ਮੌਕੇ 'ਤੇ ਹਾਜ਼ਰ ਲੋਕਾਂ ਤੇ ਪੁਲਸ ਦੇ ਸਹਿਯੋਗ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ। ਹਾਦਸੇ 'ਚ ਏਂਜਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖਮੀ ਪ੍ਰੀਆ ਤੇ ਮਨੀਸ਼ਾ ਨੂੰ ਸਿਵਲ ਹਸਪਤਾਲ ਤੋਂ ਰੈਫਰ ਕਰਨ ਕਰਕੇ ਆਈ. ਵੀ. ਵਾਈ. ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।