ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਸੀ 7 ਸਾਲਾ ਮਾਸੂਮ, ਸਿਹਤ ਵਿਭਾਗ ਦੀ ਮਦਦ ਸਦਕਾ ਮਿਲੀ ਨਵੀਂ ਜ਼ਿੰਦਗੀ

09/26/2017 7:14:33 PM

ਨੂਰਪੁਰਬੇਦੀ(ਭੰਡਾਰੀ)— ਸਿਹਤ ਵਿਭਾਗ ਵੱਲੋਂ ਆਰੰਭੇ ਗਏ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰ. ਬੀ. ਐੱਸ. ਕੇ.) ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਖੱਡ ਰਾਜਗਿਰੀ ਵਿਖੇ ਪੜ੍ਹ ਰਹੇ ਇਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ 7 ਸਾਲਾ ਵਿਦਿਆਰਥੀ ਦੇ ਦਿਲ ਦੇ ਛੇਕ ਦਾ ਮੁਫਤ ਆਪਰੇਸ਼ਨ ਕਰਵਾਇਆ ਗਿਆ। 
ਜ਼ਿਕਰਯੋਗ ਹੈ ਕਿ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਨਾਲ-ਨਾਲ ਆਂਗਣਵਾੜੀ ਸੈਂਟਰਾਂ 'ਚ ਪੜ੍ਹ ਰਹੇ 0 ਤੋਂ 18 ਸਾਲ ਤੱਕ ਦੀ ਉਮਰ ਦੇ ਦਿਲ ਦੀਆਂ ਬੀਮਾਰੀਆਂ, ਦਿਲ 'ਚ ਛੇਕ, ਖੰਡੂਏ, ਪੈਰਾਂ ਦਾ ਟੇਢਾਪਣ, ਬੋਲਾਪਣ, ਤੋਤਲਾਪਣ ਅਤੇ ਅੱਖਾਂ ਦੇ ਰੋਗ ਸਮੇਤ 30 ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਪਾਏ ਜਾਣ ਵਾਲੇ ਬੱਚਿਆਂ ਦਾ ਸਿਹਤ ਵਿਭਾਗ ਵੱਲੋਂ ਮੁਫਤ ਇਲਾਜ ਕੀਤਾ ਜਾਂਦਾ ਹੈ। ਡਾ. ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਸਰਕਾਰੀ ਹਸਪਤਾਲ ਸਿੰਘਪੁਰ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਖੱਡ ਰਾਜਗਿਰੀ ਵਿਖੇ ਪੜ੍ਹ ਰਹੇ 7 ਸਾਲਾ ਹਰਪ੍ਰੀਤ ਸਿੰਘ ਪੁੱਤਰ ਰਾਜਪਾਲ ਦਾ ਦਿਲ ਦੇ ਛੇਕ ਦਾ ਫੋਰਟਿਜ਼ ਹਸਪਤਾਲ ਮੋਹਾਲੀ ਵਿਖੇ ਆਪਰੇਸ਼ਨ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਸੀ. ਐੱਚ. ਸੀ. ਨੂਰਪੁਰਬੇਦੀ ਦੀ ਆਰ. ਬੀ. ਐੱਸ. ਕੇ. ਟੀਮ ਦੇ ਡਾ. ਵਿਸ਼ਾਲ ਕਾਲੀਆ ਨੇ ਆਪਣੇ ਸਕੂਲ ਦੇ ਦੌਰੇ ਦੌਰਾਨ ਉਕਤ ਵਿਦਿਆਰਥੀ ਦੀ ਜਾਂਚ ਕਰ ਕੇ ਆਪਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਮੁੱਖ ਅਧਿਆਪਕ ਰਾਕੇਸ਼ ਭਾਰਗਵ ਨੇ ਇਸ ਕਾਰਜ 'ਚ ਸਹਿਯੋਗ ਦਿੱਤਾ। ਇਸ ਮੌਕੇ ਕਰਨ ਸਿੰਘ ਫਾਰਮਾਸਿਸਟ, ਅੰਮ੍ਰਿਤਪਾਲ ਕੌਰ ਸਟਾਫ ਨਰਸ, ਨਛੱਤਰ ਕੌਰ ਐੱਲ. ਐੱਚ. ਵੀ. ਤੇ ਸਰਬਜੀਤ ਕੌਰ ਮ. ਪ. ਹ. ਵ. (ਫੀ) ਹਾਜ਼ਰ ਸਨ।