7ਵੀਂ ਐਜੂਕੇਸ਼ਨ ਫੁੱਟਬਾਲ ਤੇ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ ਭਲਕੇ

02/21/2018 2:57:49 AM

ਜਲੰਧਰ (ਜ. ਬ.)- ਜਗ ਬਾਣੀ ਦੇ ਸਹਿਯੋਗ ਨਾਲ ਪੰਜਾਬ ਦੇ ਨਾਮਵਰ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਅਤੇ  ਪ੍ਰਵਾਸੀ ਭਾਰਤੀਆਂ, ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 7ਵੀਂ ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ 22 ਫਰਵਰੀ ਨੂੰ ਵਾਈ. ਐੱਫ. ਸੀ. ਰੁੜਕਾ ਕਲਾਂ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। 
ਜ਼ਿਕਰਯੋਗ ਹੈ ਕਿ ਇਹ ਲੀਗ ਤਕਰੀਬਨ 90 ਦਿਨਾਂ ਤੱਕ ਚਲਾਈ ਗਈ ਹੈ। ਇਸ ਦੌਰਾਨ ਫੁੱਟਬਾਲ, ਕਬੱਡੀ ਤੇ ਰੈਸਲਿੰਗ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਦੀ ਮਾਨਸਿਕ ਬਿਹਤਰੀ ਅਤੇ ਸਰੀਰਕ ਵਿਕਾਸ ਲਈ ਵਰਕਸ਼ਾਪਾਂ ਵੀ  ਲਾਈਆਂ ਗਈਆਂ। ਜ਼ਿਕਰਯੋਗ ਹੈ ਕਿ  ਉਪਰੋਕਤ ਲੀਗ ਦੇ  ਮੈਚ ਜਲੰਧਰ ਜ਼ਿਲੇ 'ਚ ਹੀ ਨਹੀਂ, ਸਗੋਂ ਫਤਿਹਗੜ੍ਹ ਸਾਹਿਬ ਤੇ ਗੁਰਦਾਸਪੁਰ ਵਿਖੇ ਵੀ ਕਰਵਾਏ ਗਏ। 22 ਫਰਵਰੀ ਨੂੰ ਹੋਣ ਵਾਲੇ ਲੀਗ ਦੇ ਸਮਾਪਤੀ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਵਾਈ. ਐੱਫ. ਸੀ. ਰੁੜਕਾ ਕਲਾਂ ਵਿਖੇ ਮੀਟਿੰਗ ਰੱਖੀ ਗਈ,  ਜਿਸ 'ਚ ਵਾਲੰਟੀਅਰਾਂ ਤੋਂ ਇਲਾਵਾ  ਖਾਸ ਤੌਰ 'ਤੇ ਆਏ ਵੱਖ- ਵੱਖ ਦੇਸ਼ਾਂ ਦੇ  ਐੱਨ. ਆਰ. ਆਈ. ਭਰਾਵਾਂ ਨੇ ਵੀ ਹਿੱਸਾ ਲਿਆ। ਸਮਾਪਤੀ ਸਮਾਰੋਹ ਮੌਕੇ ਹੋਣ ਵਾਲੇ ਨਾਰਥ ਇੰਡੀਆ ਕਬੱਡੀ ਫੈੱਡਰੇਸ਼ਨ ਦੇ ਲੱਖਾਂ ਦੇ ਇਨਾਮਾਂ ਵਾਲੇ ਕੱਪ ਦੀ ਰੂਪ-ਰੇਖਾ ਤਿਆਰ ਕੀਤੀ ਗਈ।
ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਅਤੇ ਵਾਈ. ਐੱਫ. ਸੀ. ਕਲੱਬ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੌਰਾਨ  ਤਕਰੀਬਨ 4000 ਬੱਚਿਆਂ  ਵੱਲੋਂ ਮਾਰਚ ਪਾਸਟ ਕੀਤਾ ਜਾਵੇਗਾ। ਉਪਰੰਤ ਫੁੱਟਬਾਲ ਤੇ ਕਬੱਡੀ ਦੇ ਫਾਈਨਲ ਮੈਚ ਅਤੇ ਨਾਰਥ ਇੰਡੀਆ ਫੈੱਡਰੇਸ਼ਨ ਦੀਆਂ ਚੋਟੀ ਦੀਆਂ ਟੀਮਾਂ ਵਿਚਾਲੇ  ਰੁੜਕਾ ਕਲਾਂ ਕਬੱਡੀ ਕੱਪ ਲਈ ਮੁਕਾਬਲਾ ਹੋਵੇਗਾ। ਇਸ ਦਾ ਪਹਿਲਾ ਇਨਾਮ 2 ਲੱਖ ਰੁਪਏ ਅਤੇ ਦੂਸਰਾ ਇਨਾਮ 1 ਲੱਖ 31 ਹਜ਼ਾਰ ਰੁਪਏ ਹੋਵੇਗਾ ਅਤੇ ਫਾਈਨਲ ਦੇ ਬੈਸਟ ਰੇਡਰ ਤੇ ਜਾਫੀ ਨੂੰ ਝੋਟੀਆਂ ਦੇ ਕੇ ਸਨਮਾਨਤ ਕੀਤਾ ਜਾਵੇਗਾ ਅਤੇ ਨਾਲ ਹੀ ਸੈਮੀਫਾਈਨਲ ਦੇ ਬੈਸਟ ਰੇਡਰਾਂ ਅਤੇ ਜਾਫੀਆਂ ਨੂੰ ਮੋਟਰਸਾਈਕਲ ਦੇ ਕੇ ਸਨਮਾਨਤ ਕੀਤਾ ਜਾਵੇਗਾ। ਅੰਤ 'ਚ ਪੰਜਾਬੀ ਲੋਕ ਗਾਇਕ ਐਮੀ ਵਿਰਕ ਵੱਲੋਂ ਖੁੱਲ੍ਹਾ ਅਖਾੜਾ ਲਾਇਆ ਜਾਵੇਗਾ। ਇਸ ਮੌਕੇ ਵਾਈ. ਐੱਫ. ਸੀ. ਦੇ ਸਮੂਹ ਵਾਲੰਟੀਅਰਾਂ ਤੋਂ  ਇਲਾਵਾ ਏਰੀਆ ਸਪੋਰਟਸ ਕਲੱਬ ਕੈਲੇਫੋਰਨੀਆ ਯੂ. ਐੱਸ. ਏ. ਦੇ ਅਹੁਦੇਦਾਰ ਬਲਜੀਤ ਸਿੰਘ ਸੰਧੂ, ਦਿਲਬਾਗ ਸਿੰਘ ਸੰਧੂ, ਸੁਖਜੀਤ ਸਿੰਘ ਸੰਧੂ, ਬਲਵੀਰ ਸਿੰਘ ਸੰਧੂ, ਚਰਨਜੀਤ ਸਿੰਘ ਸੰਧੂ, ਪ੍ਰਦੀਪ ਕੌਲਧਾਰ, ਸੁਰਿੰਦਰ ਸਿੰਘ ਸੰਧੂ ਯੂ. ਕੇ., ਰੁਪਿੰਦਰ ਸਿੰਘ ਵਿਰਕ , ਕੁਲਵਿੰਦਰ ਸਿੰਘ ਕਾਲਾ, ਮਨਿੰਦਰ ਸਿੰਘ ਪੀਟਾ, ਕੁਲਵੰਤ ਸਿੰਘ ਬੰਟੀ ਤੇ ਹੋਰ ਵਾਈ. ਐੱਫ. ਸੀ. ਮੈਂਬਰ ਹਾਜ਼ਰ ਸਨ।