ਬਲੈਰੋ ''ਚੋਂ 75 ਪੇਟੀਆਂ ਸ਼ਰਾਬ ਤੇ ਚੂਰਾ-ਪੋਸਤ ਬਰਾਮਦ

08/24/2017 3:33:57 AM

ਸੁਲਤਾਨਪੁਰ ਲੋਧੀ,   (ਧੀਰ, ਸੋਢੀ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਮਦਦ ਨਾਲ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਬਗੈਰ ਪਰਮਿਟ ਤੋਂ ਸ਼ਰਾਬ ਨੂੰ ਲੈ ਕੇ ਜਾ ਰਹੀ ਇਕ ਗੱਡੀ ਨੂੰ ਚੂਰਾ-ਪੋਸਤ ਸਮੇਤ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਦਿਬਲਾਗ ਸਿੰਘ ਤੇ ਐੱਸ. ਟੀ. ਐੱਫ. ਦੇ ਸ਼ਿੰਦਰਪਾਲ ਸਿੰਘ, ਗੁਰਦੇਵ ਸਿੰਘ ਤੇ ਮੇਜਰ ਸਿੰਘ ਨੇ ਪੁਲਸ ਪਾਰਟੀ ਸਮੇਤ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਆਰ. ਸੀ. ਐੱਫ. ਦੇ ਨਜ਼ਦੀਕ ਇਕ ਬਲੈਰੋ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਨੂੰ ਰੋਕਣ ਉਪਰੰਤ ਉਕਤ ਗੱਡੀ ਦਾ ਡਰਾਈਵਰ ਤੇ ਉਸ ਦੇ ਨਾਲ ਬੈਠੇ ਦੋ-ਤਿੰਨ ਸਾਥੀ ਗੱਡੀ ਨੂੰ ਛੱਡ ਕੇ ਭੱਜ ਗਏ, ਜਿਸ ਦੌਰਾਨ ਪੁਲਸ ਨੇ ਇਕ ਵਿਅਕਤੀ ਬਲਵਿੰਦਰ ਸਿੰਘ ਵਾਸੀ ਮੋਜੇਵਾਲ (ਫਾਜ਼ਿਲਕਾ) ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਗੱਡੀ ਦੀ ਤਲਾਸ਼ੀ ਲੈਣ ਉਪਰੰਤ 75 ਪੇਟੀਆਂ ਸ਼ਰਾਬ ਤੇ ਡੇਢ ਕਿਲੋ ਚੂਰਾ-ਪੋਸਤ ਬਰਾਮਦ ਹੋਇਆ ਹੈ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਸ਼ਰਾਬ ਨਾਲ ਲੱਦੀ ਹੋਈ ਬਲੈਰੋ ਗੱਡੀ 'ਚ ਸ਼ਰਾਬ ਨੂੰ ਕਿਸੇ ਜਗ੍ਹਾ ਲੈ ਕੇ ਜਾਣ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਉਕਤ ਫੜੇ ਗਏ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਉਸਦੇ ਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਪ੍ਰਾਪਤ ਸੂਚਨਾ ਅਨੁਸਾਰ ਉਕਤ ਸ਼ਰਾਬ ਦੀ ਗੱਡੀ ਆਰ. ਸੀ. ਐੱਫ. ਸਰਕਲ ਦੇ ਠੇਕੇਦਾਰ ਦੀ ਹੈ, ਜਿਸ ਸਬੰਧੀ ਪੁਲਸ ਨੂੰ ਕੋਈ ਵੀ ਸ਼ਰਾਬ ਸਪਲਾਈ ਲੈ ਕੇ ਜਾਣ ਸਬੰਧੀ ਗੇਟ ਪਾਸ ਜਾਂ ਪਰਮਿਟ ਨਹੀਂ ਮਿਲਿਆ ਹੈ। ਉਕਤ ਸ਼ਰਾਬ ਠੇਕੇਦਾਰ ਨੇ ਆਪਣੀ ਪਹੁੰਚ ਦਾ ਹਵਾਲਾ ਦੇ ਕੇ ਕੇਸ ਨੂੰ ਸਿਆਸੀ ਦਬਾਅ ਹੇਠਾਂ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਕੇਸ ਐੱਸ. ਟੀ. ਐੱਫ. ਰਾਹੀਂ ਸਾਰਾ ਮਾਮਲਾ ਚੰਡੀਗੜ੍ਹ ਵਿਖੇ ਪੁੱਜਣ ਕਾਰਨ ਪੁਲਸ ਨੂੰ ਕੇਸ ਦਰਜ ਕਰਨਾ ਪਿਆ।