70 ਸਾਲਾ ਪੁਰਾਣੀ ਇਮਾਰਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

08/31/2017 4:25:32 AM

ਫਗਵਾੜਾ,   (ਮੇਹਤਾ)—  ਫਗਵਾੜਾ ਦੇ ਭੀੜ ਵਾਲੇ ਇਲਾਕੇ ਮੋਤੀ ਬਾਜ਼ਾਰ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਰਾਤ 9 ਵਜੇ ਦੇ ਕਰੀਬ 70 ਸਾਲਾ ਪੁਰਾਣੀ ਇਮਾਰਤ ਦਾ ਇਕ ਹਿੱਸਾ ਡਿੱਗ ਪਿਆ ਅਤੇ ਇਸ ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੱਸ ਦੇਈਏ ਕਿ ਇਸ ਇਮਾਰਤ ਦੇ ਨਾਲ ਹੀ ਸਾਂਝੀ ਰਸੋਈ ਹੈ, ਜਿਸ ਨੂੰ ਹਾਲ ਹੀ ਵਿਚ ਸ਼ੁਰੂ ਕੀਤਾ ਗਿਆ ਹੈ ਜਿਥੇ 10 ਰੁਪਏ ਦੀ ਖਾਣੇ ਦੀ ਥਾਲੀ ਮਿਲਣ ਕਾਰਨ ਦੁਪਹਿਰ ਦੇ ਸਮੇਂ ਬਹੁਤ ਭਾਰੀ ਭੀੜ ਰਹਿੰਦੀ ਹੈ। ਤਕਰੀਬਨ 250 ਤੋਂ 400 ਲੋਕ ਇਥੇ ਰੋਜ਼ਾਨਾ ਖਾਣਾ ਖਾਂਦੇ ਹਨ। ਇਸ ਤੋਂ ਇਲਾਵਾ ਮੁੱਖ ਸੜਕ ਹੋਣ ਕਾਰਨ ਵੀ ਇਥੇ ਬਹੁਤ ਭੀੜ ਰਹਿੰਦੀ ਹੈ ਪਰ ਰਾਤ ਹੋਣ ਕਾਰਨ ਸਿਰਫ ਮੁਹੱਲਾ ਵਾਸੀਆਂ ਤੋਂ ਇਲਾਵਾ ਇਥੇ ਉਸ ਸਮੇਂ ਕੋਈ ਨਹੀਂ ਸੀ ਜਦੋਂ ਇਮਾਰਤ ਦਾ ਇਕ ਹਿੱਸਾ ਪੂਰੀ ਤਰ੍ਹਾਂ ਸੜਕ 'ਤੇ ਡਿੱਗ ਗਿਆ।  ਹਾਦਸਾ ਇੰਨਾ ਭਿਆਨਕ ਸੀ ਕਿ 6 ਤੋਂ 7 ਫੁੱਟ ਉੱਚਾ ਮਲਬੇ ਦਾ ਢੇਰ ਲੱਗ ਗਿਆ ਅਤੇ ਗਲੀ ਬਿਲਕੁਲ ਬੰਦ ਹੋ ਗਈ।
ਦੁਰਘਟਨਾ ਸਮੇਂ ਮੌਜੂਦਾ ਮੁਹੱਲਾ ਵਾਸੀ ਆਸ਼ੂ ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ, ਨੇ ਦੱਸਿਆ ਕਿ ਜੇਕਰ ਭੱਜਣ ਵਿਚ ਕੁਝ ਸੈਕਿੰਡ ਦੀ ਵੀ ਦੇਰੀ ਹੋ ਜਾਂਦੀ ਤਾਂ ਇਹ ਮੇਰੇ ਲਈ ਜਾਨਲੇਵਾ ਸਾਬਿਤ ਹੋ ਸਕਦੀ ਸੀ ਜਾਂ ਮੈਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਸਕਦੀ ਸੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਮਾਰਤ ਦੀ ਮਾੜੀ ਹਾਲਤ ਬਾਰੇ ਕਈ ਵਾਰ ਮਾਲਕ ਐੱਸ. ਐੱਸ. ਜੈਨ ਸਭਾ ਨੂੰ ਦੱਸਿਆ ਸੀ ਪਰ ਕਿਰਾਏਦਾਰ ਮਾਲਕ ਦੇ ਆਪਸੀ ਝਗੜੇ ਕਾਰਨ ਇਮਾਰਤ ਦੀ ਕੋਈ ਮੁਰੰਮਤ ਨਹੀਂ ਹੋ ਰਹੀ ਸੀ ਤੇ ਨਾ ਹੀ ਪ੍ਰਸ਼ਾਸਨ ਨੇ ਇਸ 'ਤੇ ਕੋਈ ਸਖ਼ਤ ਕਦਮ ਚੁੱਕਿਆ। ਕਿਰਾਏਦਾਰ ਵੇਦ ਪ੍ਰਕਾਸ਼ ਅਤੇ ਉਸ ਦਾ ਪੁੱਤਰ ਮੋਨੂੰ ਜੋ ਕਿ ਇਸ ਇਮਾਰਤ 'ਚ 60 ਸਾਲ ਤੋਂ ਆਟੇ ਦੀ ਚੱਕੀ ਚਲਾ ਰਹੇ ਹਨ। ਉਨ੍ਹਾਂ ਨੇ ਇਸ ਘਟਨਾ ਬਾਰੇ ਕੁਝ ਨਹੀਂ ਦੱਸਿਆ। ਖਬਰ ਲਿਖੇ ਜਾਣ ਤੱਕ ਐੱਸ. ਐੱਸ. ਜੈਨ ਸਭਾ ਅਤੇ ਪ੍ਰਸ਼ਾਸਨ ਵਲੋਂ ਕੋਈ ਵੀ ਘਟਨਾ ਵਾਲੀ ਥਾਂ 'ਤੇ ਨਹੀਂ ਪਹੁੰਚਿਆ।