ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ, 7 ਜ਼ਖਮੀ

06/30/2017 7:18:32 AM

ਕਪੂਰਥਲਾ,  (ਮਲਹੋਤਰਾ)- ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਸਥਿਤ ਪਿੰਡ ਬਰਿੰਦਪੁਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ 'ਚ ਹੋਏ ਲੜਾਈ-ਝਗੜੇ 'ਚ 7 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ।  ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਇਲਾਜ ਅਧੀਨ ਦਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਪਿੰਡ ਬਰਿੰਦਪੁਰ ਕਪੂਰਥਲਾ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਦੇ ਹੀ ਤੇਜਾ ਸਿੰਘ ਪੁੱਤਰ ਕਿਸ਼ਨ ਸਿੰਘ ਦੇ ਨਾਲ ਕਾਫੀ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ, ਜਿਸ 'ਤੇ ਹੋਈ ਕੁੱਟਮਾਰ 'ਚ ਥਾਣਾ ਸਦਰ ਦੀ ਪੁਲਸ ਨੇ ਸਾਡੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ-ਪੜਤਾਲ ਤੋਂ ਬਾਅਦ ਤੇਜਾ ਸਿੰਘ ਸਮੇਤ ਉਨ੍ਹਾਂ ਦੇ ਸਾਥੀਆਂ 'ਤੇ ਮਾਮਲਾ ਦਰਜ ਕੀਤਾ ਸੀ। ਜਿਸਨੂੰ ਲੈ ਕੇ ਪਿੰਡ ਦੇ ਪਤਵੰਤੇ ਲੋਕ ਆਪਸੀ ਸਹਿਮਤੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸਨੇ ਦੱਸਿਆ ਕਿ ਜਿਸ ਦੌਰਾਨ ਹੋਈ ਤਕਰਾਰ 'ਚ ਤੇਜਾ ਸਿੰਘ ਪੁੱਤਰ ਕਿਸ਼ਨ ਸਿੰਘ, ਸੁਖਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਨੇ ਆਪਣੇ ਹੋਰ ਸਾਥੀਆਂ ਦੇ ਨਾਲ, ਜਿਨ੍ਹਾਂ ਦੇ ਕੋਲ ਸਰੀਆ ਤੇ ਰਾਂਡਾਂ ਸਨ, ਨੇ ਸਾਡੇ 'ਤੇ ਹਮਲਾ ਕਰ ਦਿੱਤਾ, ਜਿਸ 'ਤੇ ਮੈਂ, ਮੇਰਾ ਲੜਕਾ ਕੁਲਬੀਰ ਸਿੰਘ ਤੇ ਮੇਰਾ ਭਰਾ ਕਮਲਜੀਤ ਜ਼ਖਮੀ ਹੋ ਗਏ। ਇਸ ਮਾਮਲੇ 'ਚ ਦੂਜੀ ਧਿਰ ਦੇ ਸੁਖਜਿੰਦਰ ਸਿੰਘ ਪੁੱਤਰ ਤੇਜਾ ਸਿੰਘ ਨਿਵਾਸੀ ਬਰਿੰਦਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਦਲਵਿੰਦਰ ਸਿੰਘ ਪਰਿਵਾਰ ਦੇ ਨਾਲ ਜ਼ਮੀਨੀ ਵਿਵਾਦ ਚਲ ਰਿਹਾ ਹੈ, ਜਿਸ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਸਾਡੇ 'ਤੇ ਝੂਠਾ ਮੁਕੱਦਮਾ ਵੀ ਦਰਜ ਕਰਵਾਇਆ ਸੀ, ਜਿਸਦਾ ਅੱਜ ਪਿੰਡ ਦੇ ਪਤਵੰਤੇ ਲੋਕਾਂ ਦੇ ਸਾਹਮਣੇ ਰਾਜ਼ੀਨਾਮੇ ਦੀ ਗੱਲ ਚਲ ਰਹੀ ਸੀ ਪਰ ਇਹ ਲੋਕ ਰਾਜ਼ੀਨਾਮੇ ਦੀ ਆੜ 'ਚ ਲੜਾਈ ਕਰਨ ਦੀ ਤਿਆਰੀ ਕਰਕੇ ਆਏ ਸਨ। ਇਸਦੇ ਨਾਲ ਕੁਝ ਲੋਕਾਂ ਕੋਲ ਤੇਜ਼ਧਾਰ ਹਥਿਆਰ ਸਨ। ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ 'ਚ ਇਨ੍ਹਾਂ ਲੋਕਾਂ ਨੇ ਜਿਨ੍ਹਾਂ 'ਚ ਦਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ, ਬਲਬੀਰ ਸਿੰਘ ਪੁੱਤਰ ਦਲਵਿੰਦਰ ਸਿੰਘ, ਕਮਲਜੀਤ ਸਿੰਘ ਪੁੱਤਰ ਸੁੱਚਾ ਸਿੰਘ, ਟਹਿਲ ਸਿੰਘ ਟਾਹਲਾ, ਮੋਹਕਮ ਸਿੰਘ ਕਾਲਾ ਤੇ ਹੋਰ 10-12 ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਮੈਂ, ਤੇਜਾ ਸਿੰਘ, ਨਵਜੋਤ ਸਿੰਘ ਤੇ ਜਸਵੀਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।