ਚੋਰ ਗਿਰੋਹ ਦੇ 7 ਮੈਂਬਰ ਕਾਬੂ

08/30/2017 1:33:26 AM

ਪਠਾਨਕੋਟ/ਭੋਆ, (ਸ਼ਾਰਦਾ, ਅਰੁਣ)-  ਤਾਰਾਗੜ੍ਹ ਪੁਲਸ ਨੇ ਇੰਚਾਰਜ ਰਵਿੰਦਰ ਸਿੰਘ ਰੂਬੀ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਅਵਤਾਰ ਸਿੰਘ ਦੀ ਅਗਵਾਈ ਹੇਠ ਚੋਰ ਗਿਰੋਹ ਦੇ 7 ਮੈਂਬਰਾਂ ਨੂੰ ਚੋਰੀ ਦੇ ਸਾਮਾਨ ਸਣੇ ਕਾਬੂ ਕੀਤਾ ਹੈ। 
ਜ਼ਿਲਾ ਪੁਲਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਤਾਰਾਗੜ੍ਹ 'ਚ ਅਜੀਤ ਕੁਮਾਰ ਦੀ ਇਲੈਕਟ੍ਰਾਨਿਕਸ ਦੀ ਦੁਕਾਨ 'ਚੋਂ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਮੈਂਬਰ ਸਤੀਸ਼ ਕੁਮਾਰ ਉਰਫ਼ ਲਵਲੀ ਪੁੱਤਰ ਜੁਗਿੰਦਰ ਪਾਲ ਵਾਸੀ ਪਿੰਡ ਪਨਿਆੜ, ਅਮਨਦੀਪ ਉਰਫ਼ ਅਮਨ ਪੁੱਤਰ ਪ੍ਰਕਾਸ਼ ਚੰਦ ਵਾਸੀ ਮੁਹੱਲਾ ਬੇਰੀਆਂ (ਦੀਨਾਨਗਰ) ਚੋਰੀ ਦੀ ਐੱਲ. ਈ. ਡੀ. ਵੇਚਣ ਲਈ ਪਠਾਨਕੋਟ ਜਾ ਰਹੇ ਹਨ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜਦੋਂ ਦੀਨਾਨਗਰ ਵੱਲੋਂ ਆਉਂਦੇ 2 ਨੌਜਵਾਨਾਂ ਜੋ ਕਿ ਮੋਟਰਸਾਈਕਲ 'ਤੇ ਸਵਾਰ ਸਨ, ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਚੋਰੀ ਦੀ ਐੱਲ. ਈ. ਡੀ. ਬਰਾਮਦ ਹੋਈ। ਬਾਅਦ 'ਚ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਸਤੀਸ਼ ਕੁਮਾਰ ਤੋਂ ਉਸ ਦੇ ਘਰ 'ਚੋਂ ਇਕ ਫਰਿੱਜ ਅਤੇ ਅਮਨਦੀਪ ਦੇ ਘਰੋਂ 2 ਐੱਲ. ਈ. ਡੀ. ਬਰਾਮਦ ਹੋਈਆਂ। ਉਥੇ ਹੀ ਵਿਕਰਮ ਸ਼ਰਮਾ ਉਰਫ਼ ਕਾਲੂ ਤੋਂ ਵੀ ਇਕ ਐੱਲ. ਈ. ਡੀ., ਮੁਕੱਦਮਾ ਨੰ. 39 ਮਿਤੀ 10 ਜੁਲਾਈ 2017 ਆਈ. ਪੀ. ਸੀ. ਦੀ ਧਾਰਾ 457/380, ਮੁਕੱਦਮਾ ਨੰ. 14 ਮਿਤੀ 7 ਮਈ 2016 ਆਈ. ਪੀ. ਸੀ. ਦੀ ਧਾਰਾ 457/380 ਤਹਿਤ ਵੀ ਚੋਰੀ ਹੋਇਆ ਸਾਮਾਨ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਪੁਲਸ ਸਟੇਸ਼ਨ ਤਾਰਾਗੜ੍ਹ ਅਤੇ ਸੀ. ਆਈ. ਏ. ਸਟਾਫ਼ ਨੇ ਸਥਾਨਕ ਨਾਕੇ ਦੌਰਾਨ ਮੁਹੰਮਦ ਸਦੀਕ ਉਰਫ਼ ਸ਼ਿਕੂ ਪੁੱਤਰ ਤਾਜਦੀਨ ਵਾਸੀ ਚੱਕ ਬਠਲ (ਜੰਮੂ-ਕਸ਼ਮੀਰ) ਅਤੇ ਮਨਸਾ ਪੁੱਤਰ ਲਾਲ ਹੁਸੈਨ ਵਾਸੀ ਬਜੀਪੁਰ (ਜੰਮੂ-ਕਸ਼ਮੀਰ) ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕੀਤੇ।
ਪੁਲਸ ਨੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਤਾਰਾਗੜ੍ਹ ਪੁਲਸ ਸਟੇਸ਼ਨ 'ਚ ਦਰਜ ਕੀਤਾ ਹੈ।   ਮੁਲਜ਼ਮਾਂ ਨੇ ਦੱਸਿਆ ਕਿ ਇਹ ਚੋਰੀ ਦੇ ਮੋਟਰਸਾਈਕਲ ਉਨ੍ਹਾਂ ਨੂੰ ਸਤੀਸ਼ ਕੁਮਾਰ ਵਾਸੀ ਪਿੰਡ ਪਨਿਆੜ ਅਤੇ ਵਿਕਰਮ ਸ਼ਰਮਾ ਪੁੱਤਰ ਪ੍ਰਸਾਦ ਵਾਸੀ ਤਾਰਾਗੜ੍ਹ ਪੰਜਾਬ ਦੇ ਹਿੱਸਿਆਂ ਤੋਂ ਚੋਰੀ ਕਰ ਕੇ ਉਨ੍ਹਾਂ ਨੂੰ ਦਿੰਦੇ ਸਨ, ਜਿਨ੍ਹਾਂ ਨੂੰ ਉਹ ਅੱਗੇ ਵੇਚ ਦਿੰਦੇ ਸਨ।