68.7 ਲੱਖ ਠੱਗੇ ; 3 ਖਿਲਾਫ ਮਾਮਲਾ ਦਰਜ

01/15/2018 1:02:27 AM

ਬੰਗਾ, (ਚਮਨ ਲਾਲ/ਰਾਕੇਸ਼)- ਥਾਣਾ ਸਿਟੀ ਬੰਗਾ ਪੁਲਸ ਨੇ 68 ਲੱਖ 7 ਹਜ਼ਾਰ 250 ਰੁਪਏ ਦੀ ਧੋਖਾਦੇਹੀ ਕਰਨ ਦੇ ਦੇਸ਼ 'ਚ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਬੰਗਾ ਵਾਸੀ ਦਰਬਾਰਾ ਸਿੰਘ ਪਰਿਹਾਰ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਸ ਮੁਖੀ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਜਨਰਲ ਇੰਸ਼ੋਰੈਂਸ ਕੰਪਨੀ ਚੰਡੀਗੜ੍ਹ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਇਕ ਲੱਖ 30 ਹਜ਼ਾਰ 955 ਰੁਪਏ ਗਰੁੱਪ ਇੰਸ਼ੋਰੈਂਸ ਦੇ ਬਕਾਇਆ ਹਨ, ਜੋ ਲਾਕਇਨ ਹੋ ਗਿਆ ਹੈ ਅਤੇ ਇਸ ਨੂੰ ਸਿਰਫ ਫਾਈਨਾਂਸ ਅਥਾਰਟੀ ਦੇ ਦਵਿੰਦਰ ਸਿੰਘ ਬਰਾੜ ਮੁੰਬਈ ਤੋਂ ਹੀ ਖੋਲ੍ਹ ਸਕਦੇ ਹਨ। ਫਿਰ ਉਸ ਨੇ ਮੇਰੀ ਗੱਲ ਦਵਿੰਦਰ ਸਿੰਘ ਬਰਾੜ ਨਾਲ ਕਰਵਾਈ, ਜਿਸ ਨੇ ਮੈਨੂੰ ਇੰਡੀਆ ਕੰਪਨੀ ਦੇ ਸ਼ੇਅਰਾਂ ਦੇ ਟੈਂਡਰਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਉਸ ਦੀਆਂ ਗੱਲਾਂ 'ਚ ਆ ਕੇ ਮੈਂ ਉਸ ਵੱਲੋਂ ਦੱਸੇ ਬੈਂਕ ਖਾਤਿਆਂ ਵਿਚ ਵਾਰੀ-ਵਾਰੀ ਕਰ ਕੇ 68,07,250 ਰੁਪਏ ਭੇਜ ਦਿੱਤੇ ਪਰ 
ਜਦੋਂ ਮੈਂ ਦਵਿੰਦਰ ਨੂੰ ਆਪਣੇ ਮੁਨਾਫੇ ਦੇ ਸ਼ੇਅਰ ਸਰਟੀਫਿਕੇਟ ਭੇਜਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਪਹਿਲਾਂ ਤੁਹਾਨੂੰ ਮੁਨਾਫੇ ਉਪਰ 14 ਲੱਖ 40 ਹਜ਼ਾਰ ਰੁਪਏ ਟੈਕਸ ਦੇ ਭੇਜਣੇ ਪੈਣਗੇ। 
ਉਸ ਨੇ ਦੱਸਿਆ ਕਿ ਉਕਤ ਦੇ ਖਾਤੇ 'ਚ ਪੈਸੇ ਪਵਾਉਣ ਲਈ ਇੰਸਪੈਕਟਰ ਰਾਜ ਕੁਮਾਰ ਵਾਸੀ ਦਿੱਲੀ ਤੇ ਰਮਿਕ ਵਾਸੀ ਬੰਗਲੌਰ ਉਸ ਨੂੰ ਕਹਿੰਦੇ ਰਹੇ। ਇਨ੍ਹਾਂ ਦੋਵਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੇਕਰ ਉਹ 14 ਲੱਖ 40 ਹਜ਼ਾਰ ਰੁਪਏ ਦੀ ਰਾਸ਼ੀ ਦਵਿੰਦਰ ਵੱਲੋਂ ਦੱਸੇ ਬੈਂਕ ਖਾਤਿਆਂ ਵਿਚ ਜਮ੍ਹਾ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਇਕ ਕਰੋੜ 8 ਲੱਖ 83 ਹਜ਼ਾਰ 776 ਰੁਪਏ ਮਿਲਣਗੇ ਪਰ ਨਾ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਦੇ ਬਣਦੇ ਸ਼ੇਅਰ ਭੇਜੇ ਤੇ ਨਾ ਹੀ ਬਣਦੀ ਰਕਮ। ਪੁਲਸ ਨੇ ਜਾਂਚ ਮਗਰੋਂ ਉਕਤ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।