ਜਵਾਨ ਪੁੱਤ ਦੀ ਮੌਤ ਦੇ 3 ਸਾਲ ਬਾਅਦ ਮੁੜ ਮਾਂ ਬਣੀ 64 ਸਾਲਾ ਸੁਰਿੰਦਰ ਕੌਰ

10/16/2017 2:02:43 PM

ਲੁਧਿਆਣਾ — ਲੁਧਿਆਣਾ — ਜਦ ਜਵਾਨ ਪੁੱਤ ਦੀ ਮੌਤ ਦੇ ਬਾਅਦ ਘਰ 'ਚ ਪਸਰਿਆ ਸੰਨਾਟਾ ਜ਼ਿੰਦਗੀ ਜਿਊਣੀ ਦੁਭੱਰ ਕਰਨ ਲੱਗਾ ਤਾਂ ਰਾਜਪੁਰਾ ਦੇ ਇਸ ਬਜ਼ੁਰਗ ਜੋੜੇ ਨੇ ਉਮਰ ਦੇ ਇਸ ਪੜ੍ਹਾਅ 'ਚ ਆ ਕੇ ਮੁੜ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ। ਰੱਬ ਨੇ ਉਨ੍ਹਾਂ ਦੀ ਜਲਦ ਹੀ ਸੁਣ ਲਈ ਤੇ ਲੁਧਿਆਣਾ ਦੇ ਡਾ. ਰਮਾ ਸੋਫਤ ਹਸਪਤਾਲ ਤੇ ਰੂਚੀ ਟੈਸਟ ਟਿਊਬ ਬੇਬੀ ਸੈਂਟਰ 'ਚ ਟੈਸਟ ਬੇਬੀ ਤਕਨੀਕ ਦੀ ਪਹਿਲੀ ਕੋਸ਼ਿਸ਼ 'ਚ ਸੁਰਿੰਦਰ ਕੌਰ ਗਰਭਵਤੀ ਹੋ ਗਈ। ਐਤਵਾਰ ਨੂੰ ਉਸ ਨੇ 64 ਸਾਲ ਦੀ ਉਮਰ 'ਚ ਸਿਜੇਰੀਅਨ ਰਾਹੀਂ ਬੇਟੇ ਨੂੰ ਜਨਮ ਦਿੱਤਾ।ਪਾਵਰਕਾਮ ਤੋਂ ਰਿਟਾਇਰਡ ਜੂਨੀਅਰ ਇੰਜੀਨਅਰ ਰਾਜਿੰਦਰ ਸਿੰਘ ਤੇ ਸੁਰਿੰਦਰ ਕੌਰ ਦੇ ਘਰ 27 ਸਾਲ ਪਹਿਲਾਂ ਪੁੱਤਰ ਮਨਦੀਪ ਸਿੰਘ ਲਾਲੀ ਪੈਦਾ ਹੋਇਆ ਸੀ। ਉਨ੍ਹਾਂ ਨੇ ਤੈਅ ਕੀਤਾ ਕਿ ਲਾਲੀ ਦੀ ਚੰਗੇ ਪਾਲਣ ਪੋਸ਼ਣ ਲਈ ਉਹ ਹੋਰ ਬੱਚਾ ਪੈਦਾ ਨਹੀਂ ਕਰਨਗੇ ਤੇ ਆਪਣਾ ਸਾਰਾ ਪਿਆਰ ਲਾਲੀ ਨੂੰ ਹੀ ਦੇਣਗੇ। ਲਾਲੀ ਜਦ 27 ਸਾਲ ਦਾ ਹੋ ਗਿਆ ਤਾਂ ਮਾਂ-ਬਾਪ ਨੇ ਉਸ ਲਈ ਲੜਕੀ ਲੱਭਣੀ ਸ਼ੁਰੂ ਕਰ ਦਿੱਤੀ ਸੀ। ਇਸ 'ਚ 13 ਅਗਸਤ 2015 ਨੂੰ ਉਹ ਦਿਨ ਆਇਆ, ਜਿਸ ਨੇ ਉਨ੍ਹਾਂ ਦੇ ਸਾਰੇ ਸੁਪਨੇ ਚਕਨਾ ਚੂਰ ਕਰ ਦਿੱਤੇ। ਰਾਜਿੰਦਰ ਸਿੰਘ ਦੇ ਮੁਤਾਬਕ 13 ਅਗਸਤ ਦੀ ਸ਼ਾਮ ਕਰੀਬ 6 ਵਜੇ ਲਾਲੀ ਆਪਣੀ ਕਾਰ ਲੈ ਕੇ ਘਰੋਂ ਚਲਾ ਗਿਆ ਤੇ ਰਾਤ ਨੂੰ ਉਨ੍ਹਾਂ ਨੂੰ ਕਾਲ ਆਈ ਕਿ ਪਟਿਆਲਾ ਤੋਂ ਰਾਜਪੁਰਾ ਵਾਪਸ ਪਰਤਦੇ ਸਮੇਂ ਬਹਾਦੁਰਗੜ੍ਹ 'ਚ ਲਾਲੀ ਦੀ ਕਾਰ ਦਾ ਟ੍ਰਾਲੇ ਨਾਲ ਐਕਸੀਡੈਂਟ ਹੋ ਗਿਆ ਹੈ। ਉਸ ਨੂੰ ਰਾਜਿੰਦਰ ਹਸਪਤਾਲ ਪਟਿਆਲਾ ਲੈ ਜਾਇਆ ਗਿਆ, ਜਿਥੇ ਪਹੁੰਚਣ ਤੋਂ ਪਹਿਲਾਂ ਲਾਲੀ ਦੀ ਮੌਤ ਹੋ ਚੁੱਕੀ ਸੀ। ਲਾਲੀ ਦੇ ਮਾਂ-ਬਾਪ ਦੋਸ਼ੀ ਡਰਾਈਵਰ ਨੂੰ ਸਜ਼ਾ ਦਿਵਾਉਣ ਲਈ ਅੱਜ ਵੀ ਕਾਨੂੰਨੀ ਲੜਾਈ ਲੜ ਰਹੇ ਹਨ।