ਪੰਜਾਬ ''ਚ 607 ਕਰੋੜ ਦੀ ''ਕਣਕ'' ਸੜੀ, ਕੈਗ ਦੀ ਰਿਪੋਰਟ ''ਚ ਹੋਇਆ ਖੁਲਾਸਾ

02/28/2020 3:55:47 PM

ਚੰਡੀਗੜ੍ਹ : ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਲਿਮਟਿਡ (ਪੀ. ਏ. ਐੱਫ. ਸੀ. ਐੱਲ.) ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ (ਪੀ. ਐੱਸ. ਡਬਲਿਊ. ਸੀ.) ਦੀ ਲਾਪਰਵਾਹੀ ਕਾਰਨ ਪਿਛਲੇ 4 ਸਾਲਾਂ ਦੌਰਾਨ 607 ਕਰੋੜ ਦੀ ਕਣਕ ਸੜ ਗਈ। ਇਹ ਖੁਲਾਸਾ ਕੰਪਟਰੋਲਰ ਤੇ ਆਡਿਟ ਜਨਰਲ (ਕੈਗ) ਦੀ ਰਿਪੋਰਟ 'ਚ ਕੀਤਾ ਗਿਆ ਹੈ। ਸੜੀ ਹੋਈ ਕਣਕ 1.36 ਕਰੋੜ ਲਾਭਾਰਥੀਆਂ ਨੂੰ ਆਟਾ-ਦਾਲ ਯੋਜਨਾ ਤਹਿਤ ਖਿਲਾਉਣ ਲਈ ਪੂਰੀ ਸੀ।

ਕਣਕ ਸੜਨ ਤੋਂ ਬਾਅਦ ਇਸ ਨੂੰ ਨੀਲਾਮ ਕਰ ਦਿੱਤਾ ਜਾਂਦਾ ਹੈ। ਜ਼ਿਆਦਾਤਰ ਸੜੀ ਹੋਈ ਕਣਕ ਨੂੰ ਸ਼ਰਾਬ ਤੇ ਬੀਅਰ ਬਣਾਉਣ ਵਾਲੀਆਂ ਕੰਪਨੀਆਂ ਖਰੀਦ ਲੈਂਦੀਆਂ ਹਨ। ਇਸ ਲਈ ਇੱਥੇ ਕਹਿਣਾ ਉਚਿਤ ਹੋਵੇਗਾ ਕਿ ਸਵਾ ਕਰੋੜ ਤੋਂ ਜ਼ਿਆਦਾ ਗਰੀਬਾਂ ਦੇ ਨਿਵਾਲੇ ਅਮੀਰਾਂ ਦੇ ਪਿਆਲੇ ਦੀ ਸ਼ਾਨ ਬਣਨਗੇ। ਇੱਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਸੂਬੇ 'ਚ ਜਿੱਥੇ ਕਰੋੜਾਂ ਰੁਪਏ ਦੀ ਕਣਕ ਗੋਦਾਮਾਂ 'ਚ ਸੜ ਰਹੀ ਹੈ, ਉੱਥੇ ਹੀ ਬਾਜ਼ਾਰਾਂ 'ਚ ਆਟਾ 26 ਤੋਂ 30 ਰੁਪਏ ਕਿਲੋ ਵਿੱਕ ਰਿਹਾ ਹੈ।

ਕੈਗ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਉਚਿਤ ਭੰਡਾਰਣ ਵਿਵਸਥਾ ਨਾ ਹੋਣ ਕਾਰਨ 2017-18 ਤੱਕ 607 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਰਿਪੋਰਟ 'ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਖਰਾਬ ਕਣਕ ਦੇਨਿਪਟਾਰੇ 'ਚ ਦੇਰੀ ਕਾਰਨ ਅਤੇ ਗੋਦਾਮਾਂ ਦੀ ਸੁਰੱਖਿਆ 'ਤੇ 8.57 ਕਰੋੜ ਰੁਪਏ ਦਾ ਖਰਚ ਹੋਇਆ ਹੈ। ਜ਼ਿਕਰਯੋਗ ਹੈ ਕਿ ਪੀ. ਏ. ਐੱਫ. ਸੀ. ਐੱਲ. ਅਤੇ ਪੀ. ਐੱਸ. ਡਬਲਿਊ. ਸੀ. ਭਾਰਤ ਸਰਕਾਰ ਦੇ ਕੇਂਦਰੀ ਪੂਲ ਲਈ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਵਲੋਂ ਕਣਕ ਦੀ ਖਰੀਦ ਕਰਦੇ ਹਨ।

ਇਹ ਪਹਿਲੀ ਵਾਰ ਨਹੀਂ ਹੈ ਕਿ ਕੈਗ ਨੇ ਖਰਾਬ ਕਣਕ ਦਾ ਮੁੱਦਾ ਚੁੱਕਿਆ ਹੈ। 2010-11 ਦੀ ਆਡਿਟ ਰਿਪੋਰਟ 'ਚ ਲਾਪਰਵਾਹੀ ਦੇ ਕਾਰਨ ਕਣਕ ਦੇ ਅਣਉਚਿਤ ਭੰਡਾਰਨ ਕਾਰਨ ਵੀ ਨੁਕਸਾਨ ਹੋਇਆ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸੂਬਾ ਸਰਕਾਰ ਸਲਾਨਾ 70 ਲੱਖ ਮੀਟਰਿਕ ਕਣਕ ਨੂੰ ਆਟਾ-ਦਾਲ ਯੋਜਨਾ ਦੇ ਤਹਿਤ ਵੰਡਦੀ ਹੈ।

Babita

This news is Content Editor Babita