ਖੰਨਾ ਪੁਲਸ ਨੇ ਹੈਰੋਇਨ ਸਮੇਤ 6 ਤਸਕਰਾਂ ਨੂੰ ਕੀਤਾ ਕਾਬੂ

03/10/2018 4:04:08 PM

ਖੰਨਾ(ਸੁਨੀਲ)— ਪੰਜਾਬ 'ਚ ਚਿੱਟਾ, ਹੈਰੋਇਨ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਦੀ ਸਰਕਾਰ ਨੂੰ ਇਕ ਸਾਲ ਪੂਰਾ ਹੋਣ ਦੇ ਬਾਅਦ ਵੀ ਸੂਬੇ 'ਚ ਚਿੱਟੇ ਦੀ ਸਪਲਾਈ ਜ਼ੋਰਾਂ 'ਤੇ ਹੈ। ਰੋਜ਼ਾਨਾ ਕਿਸੇ ਨਾ ਕਿਸੇ ਥਾਂ ਤੋਂ ਕਰੋੜਾਂ ਰੁਪਏ ਦੀ ਕੀਮਤ ਦੀ ਹੈਰਾਇਨ ਸਮੇਤ ਤਸਕਰ ਫੜੇ ਜਾ ਰਹੇ ਹਨ, ਜਿਨ੍ਹਾਂ ਤੋਂ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਸ਼ੁੱਕਰਵਾਰ ਦੀ ਰਾਤ ਨੂੰ ਖੰਨਾ 'ਚ ਫਿਰ 6 ਹੈਰੋਇਨ ਤਸਕਰਾਂ ਨੂੰ ਕਰੀਬ ਢਾਈ ਕਰੋੜ ਰੁਪਏ ਦੀ ਕੀਮਤ ਦੀ 450 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਸਾਰੇ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਐੱਸ. ਐੱਚ. ਓ. ਸਦਰ ਵਿਨੋਦ ਕੁਮਾਰ ਨੇ ਦੱਸਿਆ ਕਿ ਪਹਿਲੇ ਕੇਸ 'ਚ ਨਾਰਕੋਟਿਕਸ ਸੈੱਲ ਦੇ ਇੰਚਾਰਜ ਸੁਰਜੀਤ ਸਿੰਘ ਅਤੇ ਏ. ਐੱਸ. ਆਈ. ਅਵਤਾਰ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ 425 ਗ੍ਰਾਮ ਹੈਰੋਇਨ ਬਰਾਮਦ ਕੀਤੀ। ਕਾਰ 'ਚ ਚਾਰ ਨੌਜਵਾਨ ਸਵਾਰ ਸਨ। ਚਾਰੋਂ ਲੁਧਿਆਣਾ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਦੂਜੇ ਕੇਸ 'ਚ ਏ. ਐੱਸ. ਆਈ. ਗੁਰਮੇਜ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਲਾਂਸਰ ਕਾਰ ਸਵਾਰ ਦੋ ਨੌਜਵਾਨਾਂ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਤਸਕਰ ਰਾਜਪੁਰਾ ਤੋਂ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਸਪਲਾਈ ਕਰਦੇ ਸਨ। ਇਨ੍ਹਾਂ ਦਾ ਨੈੱਟਵਰਕ ਖੰਗਾਲਿਆ ਜਾ ਰਿਹਾ ਹੈ।