ਹੁਸ਼ਿਆਰਪੁਰ ’ਚ ਪੁਲਸ ਦੀ ਵੱਡੀ ਕਾਰਵਾਈ: 40 ਕਰੋੜ ਦੀ ਹੈਰੋਇਨ ਤੇ 20 ਲੱਖ ਡਰੱਗ ਮਨੀ ਸਣੇ 6 ਗ੍ਰਿਫ਼ਤਾਰ

04/03/2021 6:09:32 PM

ਹੁਸ਼ਿਆਰਪੁਰ (ਇਕਬਾਲ ਸਿੰਘ ਘੁੰਮਣ,ਅਮਰੀਕ)-ਜ਼ਿਲ੍ਹਾ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਕੇ ਕੌਮਾਂਤਰੀ ਸਮੱਗਲਰਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ 3 ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 8 ਕਿਲੋ ਹੈਰੋਇਨ, ਜੋਕਿ ਫਾਰਚੂਨਰ ਗੱਡੀ ਦੇ ਬੰਪਰ ਵਿਚ ਰੇਡੀਏਟਰ ਦੇ ਅੱਗੇ ਬਣਾਏ ਗੁਪਤ ਖਾਨੇ ਵਿਚ ਰੱਖੀ ਹੋਈ ਸੀ, ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਸਫ਼ਲਤਾ ਹਾਸਲ ਕਰਦਿਆਂ ਜ਼ਿਲ੍ਹਾ ਪੁਲਸ ਨੇ ਚੈਕਿੰਗ ਦੌਰਾਨ ਇਕ ਸਕਾਰਪੀਓ ਗੱਡੀ ਵਿਚੋਂ 20 ਲੱਖ ਰੁਪਏ ਕੈਸ਼ ਡਰੱਗ ਮਨੀ, 5 ਕਿੱਲੋ ਡੋਡੇ ਚੂਰਾ ਪੋਸਤ ਸਣੇ 3 ਵਿਅਕਤੀਆਂ ਨੂੰ ਗਿ੍ਰ੍ਰਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 15 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਸੱਚਾਈ ਜਾਣ ਮਾਪਿਆਂ ਦੇ ਵੀ ਉੱਡੇ ਹੋਸ਼

ਐੱਸ. ਐੱਸ. ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਡੀ. ਜੀ. ਪੀ. ਦਿਨਕਰ ਗੁਪਤਾ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਵੱਲੋਂ ਦੋਵਾਂ ਮਾਮਲਿਆਂ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਸਮਗਲੰਗ ਵਿਰੁੱਧ ਐੱਸ. ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਏ. ਐੱਸ. ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ, ਡੀ. ਐੱਸ. ਪੀ. ਪ੍ਰੇਮ ਸਿੰਘ ਦੀ ਨਿਗਰਾਨੀ ਹੇਠ ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਾਹਿਲਪੁਰ-ਫਗਵਾੜਾ ਰੋਡ ’ਤੇ ਪਿੰਡ ਠੁਆਣਾ ਵਿਖੇ ਵਿਸ਼ੇਸ਼ ਨਾਕਾਬੰਦੀ ਦੌਰਾਨ ਫਾਰਚੂਨਰ ਗੱਡੀ ਨੰ. ਐੱਚ. ਆਰ.-26-ਸੀ. ਡੀ-0072 ਦੀ ਚੈਕਿੰਗ ਦੌਰਾਨ 8 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਮੱਗਲਰਾਂ ਵੱਲੋਂ ਇਹ ਹੈਰੋਇਨ ਪੰਜਾਬ ਅਤੇ ਹੋਰਨਾਂ ਰਾਜਾਂ ਵਿਚ ਭੇਜੀ ਜਾਣੀ ਸੀ ਜਿਹੜੀ ਕਿ ਪੁਲਸ ਨੇ ਸਮੇਂ-ਸਿਰ ਬਰਾਮਦ ਕਰਕੇ ਸਮੱਗਲਰਾਂ ਨੂੰ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ : 10 ਦਿਨ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਇਹ ਹੋਈ ਫੜੇ ਗਏ ਨੌਜਵਾਨਾਂ ਦੀ ਪਛਾਣ
ਐੱਸ. ਐੱਸ. ਪੀ. ਨੇ ਦੱਸਿਆ ਕਿ ਗੱਡੀ ਵਿਚ ਸਵਾਰ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖੀ ਵਾਸੀ ਚੰਨਣਵਾਲ ਥਾਣਾ ਮਹਿਲ ਕਲਾਂ, ਬਰਨਾਲਾ, ਮਨਪ੍ਰੀਤ ਸਿੰਘ ਉਰਫ਼ ਕਾਲਾ ਅਤੇ ਜਗਦੀਪ ਸਿੰਘ ਉਰਫ਼ ਸੋਨੀ ਵਾਸੀ ਪਿੰਡ ਬਲਵੇੜਾ ਥਾਣਾ ਸਦਰ ਪਟਿਆਲਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਗੱਡੀ ਦੀ ਡੂੰਘਾਈ ਨਾਲ ਜਾਂਚ ਦੌਰਾਨ ਬੰਪਰ ਵਿਚ ਰੇਡੀਏਟਰ ਦੇ ਅੱਗੇ ਬਣਾਏ ਇਕ ਗੁਪਤ ਖਾਨੇ ਨੂੰ ਖੋਲ੍ਹਣ ’ਤੇ ਉਸ ਵਿਚੋਂ 8 ਪੈਕਟ ਬਰਾਮਦ ਹੋਏ। ਇਨ੍ਹਾਂ ਪੈਕੇਟਾਂ ਵਿਚ 8 ਕਿੱਲੋ ਹੈਰੋਇਨ ਸੀ।  ਨਵਜੋਤ ਮਾਹਲ ਨੇ ਦੱਸਿਆ ਕਿ ਸੁਖਵਿੰਦਰ ਉਰਫ਼ ਸੁੱਖੀ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚੋਂ 2 ਕੇਸ ਯੂ. ਏ. ਪੀ. ਏ. ਐਕਟ ਤਹਿਤ ਦਿੱਲੀ ਅਤੇ ਰੋਪੜ ਵਿਚ ਦਰਜ ਹਨ ਅਤੇ ਉਸ ਪਾਸੋਂ ਦਿੱਲੀ ਵਿਚ ਭਾਰੀ ਮਾਤਰਾ ’ਚ ਆਰ. ਡੀ. ਐਕਸ ਬਰਾਮਦ ਹੋਇਆ ਸੀ। 

ਇਹ ਵੀ ਪੜ੍ਹੋ : ਜਲੰਧਰ: ਸ਼ੱਕੀ ਹਾਲਾਤ ’ਚ ਰਿਟਾਇਰਡ ਸਬ ਇੰਸਪੈਕਟਰ ਦੇ ਪੁੱਤਰ ਦੀ ਮੌਤ, ਅਲਮਾਰੀ ਨਾਲ ਲਟਕਦੀ ਮਿਲੀ ਲਾਸ਼

ਉਨ੍ਹਾਂ ਦੱਸਿਆ ਕਿ ਇਹ ਸਮੱਗਲਰ ਨਾਮੀ ਅੱਤਵਾਦੀ ਦਯਾ ਸਿੰਘ ਲਹੌਰੀਆ ਦਾ ਸਾਥੀ ਹੈ ਅਤੇ ਇਸ ਪਾਸੋਂ ਸਾਲ 2007 ਵਿਚ ਸਿੱਧਵਾਂ ਬੇਟ ਵਿਖੇ 6 ਕਿਲੋ ਹੈਰੋਇਨ ਅਤੇ 4 ਪਿਸਟਲ ਬਰਾਮਦ ਹੋਏ ਸਨ ਅਤੇ ਇਹ ਸਾਲ 2019 ਵਿਚ ਜਮਾਨਤ ’ਤੇ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੁਖੀ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਜਾਂਦਾ ਸੀ, ਜਿਸ ਕਰਕੇ ਪਾਕਿਸਤਾਨ ਵਿਖੇ ਨਸ਼ਾ ਸਮੱਗਲਰਾਂ ਨਾਲ ਉਸ ਦੇ ਸਬੰਧ ਸਨ, ਜਿਨ੍ਹਾਂ ਰਾਹੀਂ ਉਹ ਹੈਰੋਇਨ ਮੰਗਵਾਉਂਦਾ ਹੈ ਅਤੇ ਅੱਗੇ ਭਾਰਤ ਵਿਚ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੁੱਖੀ ਇਕ ਡਰੱਗ ਸਮੱਗਲਰ ਅਮਰੀਕ ਸਿੰਘ ਵਾਸੀ ਸਰਹੰਦ ਰੋਡ ਪਟਿਆਲਾ ਨਾਲ ਰੱਲ ਕੇ ਨਸ਼ੇ ਦੀ ਸਮੱਗਲੰਗ ਦਾ ਧੰਦਾ ਕਰਦਾ ਸੀ ਅਤੇ ਅਮਰੀਕ ਪੈਸਿਆਂ ਦੀ ਮਦਦ ਵੀ ਕਰਦਾ ਸੀ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਮੁਲਜ਼ਮਾ ਖ਼ਿਲਾਫ਼ ਥਾਣਾ ਮਾਹਿਲਪੁਰ ਵਿਚ ਧਾਰਾ 21-ਸੀ-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਰਿਮਾਂਡ ਲੈ ਕੇ ਨਸ਼ਿਆਂ ਦੇ ਧੰਦੇ ਦੀ ਲੜੀ ਦੀ ਤਹਿ ਤੱਕ ਜਾਇਆ ਜਾਵੇਗਾ।

ਇਹ ਵੀ ਪੜ੍ਹੋ :ਗੈਂਗਸਟਰ ਦਿਲਪ੍ਰੀਤ ਬਾਬਾ ਦੀ ਸੁਰੱਖਿਆ ਨੂੰ ਲੈ ਕੇ ਮਾਂ ਨੇ ਜੇਲ੍ਹ ਪ੍ਰਸ਼ਾਸਨ ’ਤੇ ਲਾਏ ਹੈਰਾਨ ਕਰਦੇ ਦੋਸ਼

ਸਕਾਰਪੀਓ ਗੱਡੀ ਵਿੱਚੋਂ 20 ਲੱਖ ਰੁਪਏ, 5 ਕਿਲੋ ਡੋਡੇ ਚੂਰਾ ਪੋਸਤ ਸਣੇ 3 ਕਾਬੂ 
ਸਥਾਨਕ ਪੁਲਸ ਲਾਇਨ ਵਿਚ ਪ੍ਰੈਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿਚ ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਨੇ ਟੀ-ਪੁਆਇੰਟ ਗਰਨਾ ਸਾਹਿਬ ਨੇੜੇ ਨਾਕਾਬੰਦੀ ਕਰਕੇ ਸਕਾਰਪੀਓ ਨੰਬਰ ਪੀ.ਬੀ.-13-ਬੀ.ਈ.-3737 ਦੀ ਚੈਕਿੰਗ ਦੌਰਾਨ ਉਸ ਦੀ ਸਟੱਪਣੀ ਵਿੱਚੋਂ 20 ਲੱਖ ਰੁਪਏ ਕੈਸ਼ ਡਰੱਗ ਮਨੀ ਅਤੇ ਗੱਡੀ ਦੇ ਮੈਟ ਹੇਠੋਂ 5 ਕਿਲੋ ਡੋਡੇ ਚੂਰਾ ਪੋਸਤ ਵੀ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਉਰਫ ਸ਼ਿੰਦਾ, ਫੁੰਮਣ ਸਿੰਘ ਉਰਫ਼ ਕਾਲੀ ਅਤੇ ਸ਼ਿੰਦਰ ਪਾਲ ਸਿੰਘ ਉਰਫ਼ ਸ਼ਿੰਦਾ ਤਿੰਨੋਂ ਵਾਸੀ ਬੁਰਜ ਹਸਨ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਸ਼੍ਰੀਨਗਰ ਵਿਖੇ ਡੋਡੇ ਚੂਰਾ ਪੋਸਤ ਦੀ ਖਰੀਦੋ-ਫਰੋਖਤ ਲਈ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਖਿਲਾਫ਼ ਥਾਣਾ ਦਸੂਹਾ ਵਿਚ ਐੱਨ. ਡੀ. ਪੀ.  ਐੱਸ. ਐਕਟ ਦੀ ਧਾਰਾ 15-61-85 ਤਹਿਤ ਮਾਮਲਾ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ : ਜਲੰਧਰ 'ਚ ਪੁਲਸ ਲਈ ਮੁਸੀਬਤ ਬਣਿਆ ਫਤਿਹ ਗਰੁੱਪ, ਛਾਪੇਮਾਰੀ ਕਰ ਰਹੀਆਂ CIA ਸਟਾਫ਼ ਦੀਆਂ ਟੀਮਾਂ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri