ਜਲੰਧਰ 'ਚ ਵੱਡੇ ਡਰੱਗ ਸਮੱਗਲਰ ਕਾਬੂ, 3 ਨਾਈਜੀਰੀਅਨ ਵੀ ਸ਼ਾਮਲ

08/12/2019 5:19:09 PM

ਜਲੰਧਰ (ਸੋਨੂੰ,ਸ਼ੋਰੀ)— ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਡਰੱਗ ਸਮੱਗਲਿੰਗ ਦੇ ਦੋਸ਼ਾਂ 'ਚ ਸ਼ਾਮਲ 6 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਡਰੱਗ ਸਮੱਗਲਰਾਂ 'ਚ 3 ਨਾਈਜੀਰੀਅਨ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ਵੱਖ-ਵੱਖ ਕੇਸਾਂ ਅਤੇ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਤੋਂ 2 ਕਿਲੋ 325 ਹੈਰੋਇਨ ਸਮੇਤ 88 ਕਿਲੋ ਚੂਰਾਪੋਸਤ ਬਰਾਮਦ ਕੀਤਾ ਗਿਆ ਹੈ। 

 

ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸਮੱਗਲਰ ਹੈਰੋਇਨ ਲੈ ਕੇ ਜਲੰਧਰ ਵੱਲ ਆ ਰਹੇ ਹਨ, ਜਿਸ 'ਤੇ ਸੀ. ਆਈ. ਏ. ਸਟਾਫ ਨੇ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਦਿਆਲਪੁਰ 'ਚ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਇਕ ਕਾਰ ਸਵਾਰ ਤੋਂ ਇਕ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਕਾਰ ਸਵਾਰ ਲੋਕਾਂ ਦੀ ਪਛਾਣ ਨਿਸ਼ਾਨ ਸਿੰਘ ਅਤੇ ਹਰਪ੍ਰੀਤ ਸਿੰਘ ਦੋਵੇਂ ਨਿਵਾਸੀ ਮੁਹੱਲਾ ਕਾਜ਼ੀ ਕੋਟ ਤਰਨਤਾਰਨ ਵਜੋਂ ਹੋਈ ਹੈ।

ਉਨ੍ਹਾਂ ਕਿਹਾ ਕਿ ਪੁੱਛਗਿੱਛ 'ਚ ਨਿਸ਼ਾਨ ਸਿੰਘ ਨੇ ਦੱਸਿਆ ਕਿ ਤਰਨਤਾਰਨ 'ਚ ਉਸ ਦੇ ਖਿਲਾਫ ਸਨੈਚਿੰਗ ਅਤੇ ਫਿਰੌਤੀ ਦੇ 3 ਮਾਮਲੇ ਦਰਜ ਸਨ ਅਤੇ ਉਹ ਸਾਲ 2018 ਵਿਚ ਜੇਲ 'ਚੋਂ ਬਾਹਰ ਆਇਆ ਸੀ। ਹਰਪ੍ਰੀਤ ਸਿੰਘ ਨੂੰ ਨਿਸ਼ਾਨ ਸਿੰਘ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ 'ਚ ਨਾਲ ਲਿਆਇਆ ਸੀ। ਪਹਿਲਾਂ ਹਰਪ੍ਰੀਤ ਨੇ ਅਜਿਹਾ ਕੰਮ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਥਾਣਾ ਸ਼ਾਹਕੋਟ ਦੇ ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਪੁਲਸ ਪਾਰਟੀ ਦੇ ਨਾਲ ਸ਼ਾਹਕੋਟ ਦੇ ਦਾਵਤ ਹੋਟਲ ਨੇੜੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਇਕ ਵਿਦੇਸ਼ੀ ਮੂਲ ਦਾ ਵਿਅਕਤੀ ਸ਼ੱਕੀ ਹਾਲਤ 'ਚ ਮਲਸੀਆਂ ਵਲੋਂ ਆਉਂਦਾ ਦਿਸਿਆ, ਜੋ ਪੁਲਸ ਨੂੰ ਦੇਖਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਸ ਨੇ ਉਸ ਦਾ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਉਕਤ ਵਿਅਕਤੀ ਦੀ ਪਛਾਣ ਨਾਈਜੀਰੀਆ ਦੇ ਲਾਗੋਸ ਵਾਸੀ ਅਮਾਇਕਾ ਹਾਲੀ ਵਾਸੀ ਦੁਆਰਕਾ ਪੁਰੀ, ਨਵੀਂ ਦਿੱਲੀ ਵਜੋਂ ਹੋਈ ਹੈ। ਉਸ ਦੇ ਹੈਂਡ ਬੈਗ ਦੀ ਤਲਾਸ਼ੀ ਲਈ ਗਈ ਤਾਂ 600 ਗ੍ਰਾਮ ਹੈਰੋਇਨ ਬਰਾਮਦ ਹੋਈ।


ਉਥੇ ਹੀ ਥਾਣਾ ਸ਼ਾਹਕੋਟ 'ਚ ਤਾਇਨਾਤ ਐੱਸ. ਆਈ. ਪਰਗਟ ਸਿੰਘ ਨੇ ਪੁਲਸ ਨੌਜਵਾਨਾਂ ਦੇ ਨਾਲ ਐੱਸ. ਡੀ. ਐੱਮ. ਦਫ਼ਤਰ ਸਾਹਮਣੇ ਜਾਂਚ ਦੌਰਾਨ ਵਿਦੇਸ਼ੀ ਮੂਲ ਦੇ ਦੋ ਵਿਅਕਤੀਆਂ ਤੋਂ 525 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਉਕਤ ਲੋਕਾਂ ਦੀ ਪਛਾਣ ਨਾਈਜੀਰੀਆ ਦੇ ਐਕੋਬਾ ਵਾਸੀ ਕੇਨ ਮਾਈਕਲ ਅਤੇ ਐਵੀਕਵੇਗਵੇਲਟ ਐਂਥਨੀ ਮਾਮਾਦੁਵਚੋਚ ਵਾਸੀ ਅਬੁਚੀ ਅਕੋਬਾ, ਅਜੇਜਿਆ ਲਾਗੋਸ ਨਾਈਜੀਰੀਆ, ਹਾਲ ਵਾਸੀ ਉੱਤਮ ਨਗਰ ਦਿੱਲੀ ਵਜੋਂ ਹੋਈ ਹੈ। ਦੋਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਉਥੇ ਚੌਕੀ ਅਲਾਵਲਪੁਰ ਦੇ ਇੰਚਾਰਜ ਏ. ਐੱਸ. ਆਈ. ਹਰਪਾਲ ਸਿੰਘ ਨੇ ਬਿਆਸ ਪਿੰਡ ਨੇੜੇ ਸ਼ਮਸ਼ਾਨਘਾਟ ਕੋਲ ਨਾਕਾਬੰਦੀ ਦੌਰਾਨ ਸਵਿਫਟ ਕਾਰ ਨੂੰ ਰੋਕਿਆ ਚਾਹਿਆ ਤਾਂ ਡਰਾਈਵਰ ਨੇ ਕਾਰ ਪਿੱਛੇ ਮੋੜਨ ਲੱਗਾ ਤਾਂ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਉਕਤ ਵਿਅਕਤੀ ਨੇ ਆਪਣਾ ਨਾਂ ਗੁਰਚਰਨ ਸਿੰਘ ਉਰਫ ਰਿੱਕੀ ਪੁੱਤਰ ਮੁਖਤਿਆਰ ਸਿੰਘ ਵਾਸੀ ਮਜੀਠਾ ਦੱਸਿਆ। ਜਦੋਂ ਇਸ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਦੀ ਪੈਂਟ ਦੀ ਜੇਬ ਵਿਚੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਡੀ. ਐੱਸ. ਪੀ. ਅਮਨਦੀਪ ਸਿੰਘ ਬਰਾੜ, ਐੱਸ. ਐੱਚ. ਓ. ਸੁਰਿੰਦਰ ਕੁਮਾਰ, ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ ਆਦਿ ਮੌਜੂਦ ਸਨ। ਮਾਹਲ ਨੇ ਦੱਸਿਆ ਕਿ ਇਕ ਹੋਰ ਮਾਮਲੇ 'ਚ ਆਦਮਪੁਰ ਪੁਲਸ ਨੇ ਅੱਡਾ ਦਾਰਾਪੁਰ ਦੇ ਕੋਲ ਨਾਕੇਬੰਦੀ ਦੌਰਾਨ ਜੈਲਾ ਪੁੱਤਰ ਮੁਨਸ਼ੀ ਰਾਮ ਨਿਵਾਸੀ ਕਿੰਗਰਾ ਚੋਅ ਵਾਲਾ ਅਤੇ ਉਸ ਦੀ ਪਤਨੀ ਇੰਦਰਜੀਤ ਕੌਰ ਨੂੰ 88 ਕਿਲੋ ਚੂਰਾ-ਪੋਸਤ ਸਮੇਤ ਫੜਿਆ ਹੈ, ਜਦਕਿ ਉਕਤ ਜੋੜਾ ਮੌਕੇ ਤੋਂ ਫਰਾਰ ਹੋ ਗਿਆ।
6 ਕੇਸ ਦਰਜ ਹਨ ਰਿੱਕੀ ਖਿਲਾਫ
ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਰਿੱਕੀ ਅਪਰਾਧਕ ਪ੍ਰਵਿਰਤੀ ਦਾ ਵਿਅਕਤੀ ਹੈ ਅਤੇ ਉਸ ਖਿਲਾਫ ਮੋਹਾਲੀ, ਅੰਮ੍ਰਿਤਸਰ ਅਤੇ ਬਟਾਲਾ ਥਾਣੇ 'ਚ ਲੁੱਟ-ਖੋਹ, ਚੋਰੀ, ਹੱਤਿਆ ਦੀ ਕੋਸ਼ਿਸ਼, ਰੇਪ ਅਤੇ ਅਗਵਾ ਦੇ 6 ਕੇਸ ਦਰਜ ਹਨ। ਜੇਲ ਤੋਂ ਜ਼ਮਾਨਤ 'ਤੇ ਬਾਹਰ ਆ ਕੇ ਉਹ ਦੁਬਾਰਾ ਅਪਰਾਧ ਕਰਨ ਲੱਗਾ। ਪੁਲਸ ਜਾਂਚ ਕਰ ਰਹੀ ਹੈ ਕਿ ਉਹ ਹੈਰੋਇਨ ਕਿੱਥੋਂ ਖਰੀਦ ਕੇ ਲਿਆਇਆ ਸੀ।
ਦਿੱਲੀ 'ਚ ਹਾਈ ਅਰਲਟ, ਫਿਰ ਵੀ ਆਈ ਹੈਰੋਇਨ
ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ ਭਾਰਤ 'ਚ

ਪੂਰੇ ਭਾਰਤ ਖਾਸ ਕਰਕੇ ਦਿੱਲੀ 'ਚ ਹਾਈ ਅਲਰਟ ਹੈ ਅਤੇ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਪਹਿਲਾਂ ਤੋਂ ਦੱਸ ਦਿੱਤਾ ਹੈ ਕਿ ਲਾਲ ਕਿਲੇ 'ਚ ਅੱਤਵਾਦੀ ਘਟਨਾ ਹੋ ਸਕਦੀ ਹੈ, ਜਿਸ ਕਾਰਨ ਦਿੱਲੀ 'ਚ ਪੂਰੀ ਤਰ੍ਹਾਂ ਨਾਲ ਪੁਲਸ ਅਲਰਟ ਹੈ। ਪੁਲਸ ਵੱਲੋਂ ਕਾਬੂ ਵਿਦੇਸ਼ੀ ਨਾਈਜੀਰੀਅਨ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ਦਿਹਾਤੀ ਇਲਾਕੇ 'ਚ ਇਸ ਦੀ ਸਪਲਾਈ ਕਰਨ ਵਾਲੇ ਸਨ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਪੁਲਸ ਕਿੰਨੀ ਅਰਲਟ ਹੈ। ਜੇਕਰ ਹੈਰੋਇਨ ਆਸਾਨੀ ਨਾਲ ਲਿਆਈ ਜਾ ਸਕਦੀ ਹੈ ਤਾਂ ਹਥਿਆਰ ਅਤੇ ਬਾਰੂਦ ਦੀ ਸਪਲਾਈ ਵੀ ਹੋ ਸਕਦੀ ਹੈ।
ਪੁਲਸ ਜਾਂਚ 'ਚ ਕੇਨ ਮਾਈਕਲ (41) ਨੇ ਵੀ ਮੰਨਿਆ ਕਿ 1 ਸਾਲ ਤੋਂ ਉਹ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਹੈ। ਨਵੀਂ ਦਿੱਲੀ ਤੋਂ ਹੀ ਉਹ ਨਾਈਜੀਰੀਅਨ ਤੋਂ ਹੈਰੋਇਨ ਲੈ ਕੇ ਪੰਜਾਬ 'ਚ ਧਰਮਕੋਟ, ਮੋਗਾ, ਸ਼ਾਹਕੋਟ ਆਦਿ ਇਲਾਕਿਆਂ 'ਚ ਇਸ ਦੀ ਸਪਲਾਈ ਕਰਦਾ ਹੈ। ਉਥੇ ਹੀ ਐਂਥਨੀ (29) ਨੇ ਵੀ ਮੰਨਿਆ ਕਿ ਹੈਰੋਇਨ ਸਮੱਗਲਿੰਗ ਦਾ ਕੰਮ ਕਰਕੇ ਉਹ ਮੋਟੇ ਪੈਸੇ ਕਮਾਉਂਦਾ ਹੈ ਅਤੇ ਉਹ ਨਵੀਂ ਦਿੱਲੀ ਤੋਂ ਹੈਰੋਇਨ ਲੈ ਕੇ ਪੰਜਾਬ ਦੇ ਕਈ ਪਿੰਡਾਂ ਵਿਚ ਇਸ ਦੀ ਸਪਲਾਈ ਕਰਨ ਦਾ ਕੰਮ ਕਰਦਾ। ਹਾਲਾਂਕਿ ਤਿੰਨਾਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ (ਵਿਜ਼ੀਟਰ ਅਤੇ ਬਿਜ਼ਨੈੱਸ ਵੀਜ਼ੇ) ਖਤਮ ਹੋ ਚੁੱਕੇ ਹਨ ਅਤੇ ਉਹ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ 'ਚ ਰਹਿ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ।

shivani attri

This news is Content Editor shivani attri