ਰੂਸ-ਯੂਕ੍ਰੇਨ ਜੰਗ ਦੇ 6 ਮਹੀਨੇ ਪੂਰੇ, ਹੁਣ ਫ਼ੌਜ ’ਚ ਭਰਤੀ ਲਈ ਲਾਊਡ ਸਪੀਕਰ ’ਤੇ ਹੁੰਦੀ ਹੈ ਮੁਨਾਦੀ

08/24/2022 5:55:38 PM

ਜਲੰਧਰ/ਯੂਕ੍ਰੇਨ (ਇੰਟਰਨੈਸ਼ਨਲ ਡੈਸਕ)– ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਨੂੰ ਸ਼ੁਰੂ ਹੋਇਆਂ ਮੰਗਲਵਾਰ 6 ਮਹੀਨੇ ਪੂਰੇ ਹੋ ਗਏ। ਰੂਸ ਵੱਲੋਂ ਯੂਕ੍ਰੇਨ ’ਤੇ ਇਹ ਹਮਲਾ ਅਜਿਹੇ ਮੰਦਭਾਗੇ ਸਮੇਂ ’ਚ ਹੋਇਆ ਹੈ ਜਦੋਂ ਦੁਨੀਆ ਵਿਸ਼ਵ ਪੱਧਰੀ ਕੋਵਿਡ ਮਹਾਮਾਰੀ ਦੇ ਆਰਥਿਕ ਪ੍ਰਭਾਵਾਂ ਤੋਂ ਉਭਰ ਰਹੀ ਸੀ। ਜੰਗ ਦੇ ਖ਼ਤਮ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਜੰਗ ਦਾ ਅਸਰ ਪੂਰੀ ਦੁਨੀਆ ’ਤੇ ਤਾਂ ਪਿਆ ਹੀ ਹੈ, ਨਾਲ ਹੀ ਜੰਗ ਪੀੜਤ ਦੋਵਾਂ ਦੇਸ਼ਾਂ ਨੇ ਹਜ਼ਾਰਾਂ ਦੀ ਗਿਣਤੀ ’ਚ ਆਪਣੇ ਨਾਗਰਿਕਾਂ ਨੂੰ ਜੰਗ ਦੀ ਭੇਟ ਚੜ੍ਹਾ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਰੂਸ ਦੇ ਕਈ ਸ਼ਹਿਰਾਂ ਦੀਆਂ ਸੜਕਾਂ ਉੱਪਰ ਵੱਡੇ ਪੋਲਾਂ ’ਤੇ ਜਿਹੜੇ ਲਾਊਡ ਸਪੀਕਰ ਕੌਮੀ ਤਿਉਹਾਰਾਂ ਦੌਰਾਨ ਦੇਸ਼-ਭਗਤੀ ਦੇ ਗੀਤ ਵਜਾਉਣ ਲਈ ਲਗਾਏ ਗਏ ਸਨ, ਹੁਣ ਉਨ੍ਹਾਂ ਦੀ ਵਰਤੋਂ ਦੂਜੇ ਕਾਰਨਾਂ ਲਈ ਹੋ ਰਹੀ ਹੈ। ਅੱਜਕਲ੍ਹ ਲਾਊਡ ਸਪੀਕਰ ਰਾਹੀਂ ਮੁਨਾਦੀ ਕਰਵਾਈ ਜਾਂਦੀ ਹੈ ਕਿ ਹਥਿਆਰਬੰਦ ਬਟਾਲੀਅਨਾਂ ਲਈ ਦੇਸ਼ ਦੇ 18 ਤੋਂ 60 ਸਾਲ ਦੇ ਲੋਕਾਂ ਦੀ ਲੋੜ ਹੈ।

ਲਗਭਗ 80 ਹਜ਼ਾਰ ਫ਼ੌਜੀਆਂ ਦੀ ਹੋ ਚੁੱਕੀ ਹੈ ਮੌਤ

ਰੂਸ ਨੇ ਮੌਤਾਂ ਨਾਲ ਸਬੰਧਤ ਅਧਿਕਾਰਤ ਅੰਕੜੇ ਨਹੀਂ ਦੱਸੇ ਪਰ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਦੀ ਮੰਨੀਏ ਤਾਂ 70 ਹਜ਼ਾਰ ਤੋਂ 80 ਹਜ਼ਾਰ ਰੂਸੀ ਫ਼ੌਜੀਆਂ ਦੀ ਮੌਤ ਹੋ ਚੁੱਕੀ ਹੈ। ਨਵੇਂ ਲੋਕਾਂ ਦੀ ਭਰਤੀ ਲਈ ਸਰਕਾਰ ਪੈਸੇ ਦੇਣ ਲਈ ਤਿਆਰ ਹੈ। ਇਸ ਤੋਂ ਇਲਾਵਾ ਸਰਕਾਰ ਜ਼ਮੀਨ ਅਤੇ ਚੰਗੇ ਸਕੂਲਾਂ ’ਚ ਬੱਚਿਆਂ ਦੀ ਸਿੱਖਿਆ ਦਾ ਵੀ ਵਾਅਦਾ ਕਰ ਰਹੀ ਹੈ। ਇਹੀ ਨਹੀਂ, ਰੂਸੀ ਫ਼ੌਜ ਜੇਲ੍ਹਾਂ ’ਚ ਬੰਦ ਲੋਕਾਂ ਨੂੰ ਵੀ ਨਾਲ ਆਉਣ ਲਈ ਕਹਿ ਰਹੀ ਹੈ ਅਤੇ ਬਦਲੇ ’ਚ ਆਜ਼ਾਦ ਕਰਨ ਦਾ ਵਾਅਦਾ ਕਰ ਰਹੀ ਹੈ। ਰੂਸ ਦੇ ਪੱਤਰਕਾਰ ਰੋਮਨ ਦੋਬ੍ਰੋਖੋਤੋਵ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਭਰਤੀ ਪ੍ਰਕਿਰਿਆ ਇਸ ਗੱਲ ਦਾ ਸੰਕੇਤ ਹੈ ਕਿ ਰੂਸੀ ਫ਼ੌਜ ਨਿਰਾਸ਼ ਹੈ ਕਿਉਂਕਿ ਇਸ ਤਰ੍ਹਾਂ ਦੇ ਫ਼ੌਜੀਆਂ ਨਾਲ ਜੰਗ ਨਹੀਂ ਜਿੱਤੀ ਜਾ ਸਕਦੀ। ਰੂਸ ਨੂੰ ਅਜੇ ਵੀ ਲੱਗਦਾ ਹੈ ਕਿ ਮਾੜੀ ਗੁਣਵੱਤਾ ਦੇ ਬਾਵਜੂਦ ਗਿਣਤੀ ਦੇ ਦਮ ’ਤੇ ਜੰਗ ਜਿੱਤੀ ਜਾ ਸਕਦੀ ਹੈ। ਉਸ ਨੂੰ ਲੱਗਦਾ ਹੈ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਲੋਕਾਂ ਨੂੰ ਉਹ ਜੰਗ ਦੇ ਮੈਦਾਨ ’ਚ ਭੇਜ ਸਕਦੇ ਹਨ। ਰੋਮਨ ਦੇਬ੍ਰੋਖੋਤੋਵ ਦਾ ਕਹਿਣਾ ਹੈ ਕਿ 5700 ਡਾਲਰ ਦੀ ਪੇਸ਼ਕਸ਼ ਦੇ ਬਾਵਜੂਦ ਸੱਚਾਈ ਵੱਖਰੀ ਹੈ।

ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ

ਵਿਸ਼ਵ ਪੱਧਰੀ ਅਰਥਵਿਵਸਥਾ ਦੀ ਰਫ਼ਤਾਰ ਪਈ ਹੌਲੀ

ਜਾਣਕਾਰਾਂ ਦੀ ਮੰਨੀਏ ਤਾਂ ਇਸ ਜੰਗ ਕਾਰਨ ਵਿਸ਼ਵ ਪੱਧਰ ’ਤੇ ਅਰਥਵਿਵਸਥਾ ਦੀ ਰਫ਼ਤਾਰ ਸੁਸਤ ਪੈਂਦੀ ਜਾ ਰਹੀ ਹੈ। ਯੂਕ੍ਰੇਨ ਦੇ ਪੂਰਬ ਅਤੇ ਦੱਖਣ ’ਚ ਰੂਸ ਦੀ ਘੁਸਪੈਠ, ਸਖ਼ਤ ਪੱਛਮੀ ਪਾਬੰਦੀਆਂ ਖ਼ਿਲਾਫ਼ ਡਟੇ ਰਹਿਣ ਦੀ ਉਸ ਦੀ ਤਾਕਤ ਅਤੇ ਯੂਕ੍ਰੇਨ ਦਾ ਉੱਨਤ ਹਥਿਆਰਾਂ ਨਾਲ ਲੈਸ ਹੋਣਾ ਅਨੋਖੇ ਢੰਗ ਨਾਲ ਤਬਦੀਲੀ ਭਰਿਆ ਸਾਬਤ ਹੋਇਆ ਹੈ। ਰੂਸ ਵੱਲੋਂ ਜਲਦੀ ਪਿੱਛੇ ਹਟਣ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਤਖ਼ਤਾਪਲਟ ਦੇ ਅਨੁਮਾਨ ਪਰਿਪੱਕ ਨਾ ਸਾਬਤ ਹੋਣ ਕਾਰਨ ਇਹ ਭਵਿੱਖਬਾਣੀਆਂ ਨਿਰਾਸ਼ਾ ਪੈਦਾ ਕਰ ਰਹੀਆਂ ਹਨ।
ਇਸ ਵਿਵਾਦ ਤੋਂ ਤੁਰੰਤ ਬਾਅਦ ਵਿਸ਼ਵ ਪੱਧਰ ’ਤੇ ਜੀਵਾਸ਼ਮ ਈਂਧਨ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਹੋਏ ਵਾਧੇ ਨੇ ਲੰਮੇ ਸਮੇਂ ਦੇ ਅਸਰਾਂ ਬਾਰੇ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਸੀ। ਹੁਣ ਤੇਲ ਦੀਆਂ ਕੀਮਤਾਂ ਕੁਝ ਹੱਦ ਤਕ ਘਟੀਆਂ ਹਨ, ਜਿਸ ਦਾ ਇਕ ਕਾਰਨ ਸੁਸਤ ਪੈਂਦੀ ਵਿਸ਼ਵ ਪੱਧਰੀ ਅਰਥਵਿਵਸਥਾ ਵਿਚ ਕਮਜ਼ੋਰ ਮੰਗ ਵੀ ਹੈ ਪਰ ਗੈਸ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਬਣਿਆ ਹੋਇਆ ਹੈ ਕਿਉਂਕਿ ਯੂਰਪ ’ਚ ਸਰਦੀਆਂ ਨੇੜੇ ਆ ਗਈਆਂ ਹਨ। ਗੈਸ ਮੁੱਖ ਤੌਰ ’ਤੇ ਤਾਪ ਲਈ ਵਰਤੋਂ ’ਚ ਲਿਆਂਦੀ ਜਾਂਦੀ ਹੈ।

ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਭਿਆਨਕ ਸੜਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, 2 ਸਕੇ ਭਰਾਵਾਂ ਸਣੇ 3 ਦੀ ਮੌਤ

ਜੰਗ ਦਰਦਨਾਕ ਹੈ, ਭਰਾਵਾਂ ਨੂੰ ਮਾਰਨਾ ਗਲਤ

ਇਸ ਤਰ੍ਹਾਂ ਦੇ ਸੁਨੇਹੇ ਦੇਸ਼ ਦੇ ਕਈ ਹਿੱਸਿਆਂ ’ਚ ਦੁਹਰਾਏ ਜਾ ਰਹੇ ਹਨ। ਸੋਸ਼ਲ ਮੀਡੀਆ, ਟੀ. ਵੀ. ਅਤੇ ਬੈਨਰਾਂ ’ਤੇ ਲੋਕਾਂ ਨੂੰ ਸ਼ਾਰਟ ਟਰਮ ਕਾਂਟ੍ਰੈਕਟ ’ਤੇ ਯੂਕ੍ਰੇਨ ਨਾਲ ਲੜਨ ਲਈ ਕਿਹਾ ਜਾ ਰਿਹਾ ਹੈ। ਜੰਗ ’ਚ ਕਈ ਫ਼ੌਜੀਆਂ ਦੀ ਮੌਤ ਹੋਣ ਤੋਂ ਬਾਅਦ ਰੂਸੀ ਫ਼ੌਜ ਨਵੇਂ ਲੋਕਾਂ ਦੀ ਭਰਤੀ ਲਈ ਮੁਹਿੰਮ ਚਲਾ ਰਹੀ ਹੈ। ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਲੈ ਕੇ ਘੱਟ ਹੀ ਉਤਸ਼ਾਹਿਤ ਹਨ। ਲੋਕ ਅਕਸਰ ਕਹਿੰਦੇ ਹਨ ਕਿ ਜੰਗ ਦਰਦਨਾਕ ਹੈ ਅਤੇ ਆਪਣੇ ਭਰਾਵਾਂ ਨੂੰ ਮਾਰਨਾ ਗਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਜੇ ਬਟਾਲੀਅਨ ’ਚ ਚਲਾ ਵੀ ਗਿਆ ਤਾਂ ਉਸ ਦੀ ਲਾਸ਼ ਆਉਣ ਦੀ ਸੰਭਾਵਨਾ ਜ਼ਿਆਦਾ ਹੈ।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਮਗਰੋਂ ਤਾਏ ਨੇ ‘ਸਹਿਜ’ ਨੂੰ ਦਿੱਤੀ ਦਰਦਨਾਕ ਮੌਤ, ਸਾਹਮਣੇ ਆਈ CCTV ਫੁਟੇਜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri